ਅਜੇ ਕਤਲ ਕਾਂਡ; ਪਰਿਵਾਰ ਨੇ ਜਾਖੜ ਸਣੇ ਵਿਧਾਨ ਸਭਾ ਦੇ ਬਾਹਰ ਲਾਇਆ ਧਰਨਾ ਅਜੇ ਕਤਲ ਕਾਂਡ: ਪਰਿਵਾਰ ਨੇ ਜਾਖੜ ਸਮੇਤ ਵਿਧਾਨ ਸਭਾ ਦੇ ਬਾਹਰ ਲਾਇਆ ਧਰਨਾ
Publish Date: Thu, 22 Oct 2026 07:03 PM (IST)
Updated Date: Fri, 23 Oct 2026 04:04 AM (IST)
ਫੋਟੋ ਸਮਾਚਾਰ -- * ਨਿਰਪੱਖ ਜਾਂਚ ਕਰਵਾਉਣ ਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ * ਅਜੇ ਕੁਮਾਰ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੂੰ ਵਿਧਾਨ ਸਭਾ ਦੇ ਬਾਹਰ ਧਰਨਾ ਦੇਣ ’ਤੇ ਹਿਰਾਸਤ ’ਚ ਲਿਆ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਬੋਹਰ ਦੇ ਮ੍ਰਿਤਕ ਅਜੇ ਦੀ ਮਾਤਾ ਅਤੇ ਪਰਿਵਾਰਕ ਮੈਂਬਰਾਂ ਨੇ ਵਿਧਾਨ ਸਭਾ ਦੇ ਬਾਹਰ ਸਰਕਾਰ ਖ਼ਿਲਾਫ਼ ਧਰਨਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਬੋਹਰ ਦੇ ਸੰਤ ਨਗਰ ਵਿਖੇ ਹੋਏ ਕਤਲ ਕਾਂਡ ਦੀ ਨਿਰਪੱਖ ਜਾਂਚ ਕਰਵਾਉਣ ਤੇ ਮ੍ਰਿਤਕ ਵੱਲੋਂ ਮਰਨ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ’ਤੇ ਅਸਲ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਅਜੇ ਕੁਮਾਰ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੂੰ ਵਿਧਾਨ ਸਭਾ ਦੇ ਬਾਹਰ ਧਰਨਾ ਦੇਣ ’ਤੇ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਜਾਖੜ ਨੇ ਆਖਿਆ ਕਿ ਉਹ ਹਰ ਰੋਜ਼ ਇਸ ਪਰਿਵਾਰ ਨੂੰ ਇੱਥੇ ਵਿਧਾਨ ਸਭਾ ਦੇ ਬਾਹਰ ਲੈ ਕੇ ਆਉਣਗੇ ਤਾਂ ਜੋ ਬੋਲ਼ੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਇਸ ਮੌਕੇ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਅਬੋਹਰ ਦੇ ਸੰਤ ਨਗਰ ਵਿਖੇ ਅਜੇ ਕੁਮਾਰ ਨਾਮਕ ਨੌਜਵਾਨ ਨੂੰ ਗੋਲ਼ੀਆਂ ਮਾਰ ਦਿੱਤੀਆਂ ਗਈਆਂ ਸਨ। ਗੰਭੀਰ ਜ਼ਖ਼ਮੀ ਹਾਲਤ ’ਚ ਉਸ ਦਾ ਕਈ ਦਿਨ ਇਲਾਜ ਚੱਲਿਆ, ਪਰ ਆਖ਼ਰ 19 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅਬੋਹਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਪਰਿਵਾਰ ਅਨੁਸਾਰ ਹਾਲੇ ਤੱਕ ਮ੍ਰਿਤਕ ਦਾ ਪੋਸਟਮਾਰਟਮ ਵੀ ਨਹੀਂ ਹੋਇਆ। ਅਜੇ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਲ 2015 ’ਚ ਵਾਪਰੇ ਭੀਮ ਕਤਲ ਕਾਂਡ ਦੌਰਾਨ ਅਜੇ ਦੇ ਭਰਾ ਵੱਲੋਂ ਗਵਾਹੀ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਸ਼ਿਵ ਲਾਲ ਡੋਡਾ ਤੇ ਉਸ ਦੇ ਭਤੀਜੇ ਨੂੰ 20 ਸਾਲ ਦੀ ਸਜ਼ਾ ਹੋਈ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਸ਼ਿਵ ਲਾਲ ਡੋਡਾ ਦੇ ਹਾਲ ਹੀ ’ਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਜਾਖੜ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਗੰਭੀਰ ਅਪਰਾਧ ’ਚ ਸਜ਼ਾ ਹੋ ਚੁੱਕੀ ਹੋਵੇ ਅਤੇ ਉਹ ਜ਼ਮਾਨਤ ’ਤੇ ਬਾਹਰ ਹੋਵੇ ਤਾਂ ਉਸ ਨੂੰ ਗੰਨਮੈਨ ਮੁਹੱਈਆ ਕਰਵਾਉਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਅਜਿਹੇ ਵਿਅਕਤੀਆਂ ਨੂੰ ਸਰਕਾਰੀ ਸੁਰੱਖਿਆ ਦੇਣ ਦਾ ਆਧਾਰ ਕੀ ਹੈ। ਉਨ੍ਹਾਂ ਕਿਹਾ ਕਿ ਅਜੇ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਸਪੱਸ਼ਟ ਬਿਆਨ ਦਿੱਤੇ ਸਨ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਪੁਲਿਸ ਵੱਲੋਂ ਹਾਲੇ ਤੱਕ ਉਨ੍ਹਾਂ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਜਾਖੜ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜੇ ਵੀ ਵਿਅਕਤੀ ਇਸ ਕਤਲ ’ਚ ਸ਼ਾਮਲ ਪਾਏ ਜਾਣ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।