ਭਾਜਪਾ ਨਾਲ ਗੱਠਜੋੜ ’ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ : 'ਸਭ ਕੁਝ ਹੋ ਜਾਵੇਗਾ ਸਪੱਸ਼ਟ, ਕਾਂਗਰਸ ਤੇ 'ਆਪ' ਨੂੰ ਛੱਡ ਕੇ ਸਾਰੀਆਂ ਹਮ-ਖਿਆਲੀ ਪਾਰਟੀਆਂ ਨਾਲ ਰਾਹ ਖੁੱਲ੍ਹੇ'
ਸੁਖਬੀਰ ਬਾਦਲ ਨੇ ਆਪ ਦੇ ਤਿੰਨ ਵਿਧਾਇਕਾਂ ਵੱਲੋਂ ਅਸਤੀਫਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਿਉ-ਜਿਉਂ ਵੋਟਾਂ ਦੇ ਦਿਨ ਨੇੜੇ ਆਉਣਗੇ ਤਿਉਂ ਤਿਉਂ ਬਹੁਤ ਸਾਰੇ ਵਿਧਾਇਕ ਤੇ ਆਗੂ ਆਪ ਨੂੰ ਛੱਡ ਦੇਣਗੇ ਉਹਨਾਂ ਕਿਹਾ ਕਿ ਆਪ ਵੱਲੋਂ ਵਿਧਾਇਕਾ ਆਗੂਆਂ ਨੂੰ ਡਰਾਇਆ ਹੋਇਆ ਹੈ
Publish Date: Mon, 02 Nov 2026 11:46 AM (IST)
Updated Date: Mon, 02 Nov 2026 11:51 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ ਗੱਠਜੋੜ ਹੋਣ ਦੀਆਂ ਚਰਚਾਵਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਭ ਸਪਸ਼ਟ ਹੋ ਜਾਵੇਗਾ। ਸੁਖਬੀਰ ਨੇ ਕਿਹਾ ਕਿ ਉਹ ਪੰਡਿਤ ਨਹੀਂ ਪਰ ਅਕਾਲੀ ਦਲ ਦਾ ਪੰਜਾਬ ਦੀਆਂ ਦੋ ਦੁਸ਼ਮਣ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਹਮ ਖਿਆਲੀ ਪਾਰਟੀਆਂ ਨਾਲ ਗੱਠਜੋੜ ਲਈ ਰਾਹ ਖੁੱਲੇ ਹਨ।
ਭਾਰਤੀ ਕਿਸਾਨ ਯੂਨੀਅਨ ਕਾਦੀਆ ਨੇ ਅੱਜ ਅਕਾਲੀ ਦਲ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਆਪ ਦੇ ਤਿੰਨ ਵਿਧਾਇਕਾਂ ਵੱਲੋਂ ਅਸਤੀਫਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਿਉ-ਜਿਉਂ ਵੋਟਾਂ ਦੇ ਦਿਨ ਨੇੜੇ ਆਉਣਗੇ ਤਿਉਂ ਤਿਉਂ ਬਹੁਤ ਸਾਰੇ ਵਿਧਾਇਕ ਤੇ ਆਗੂ ਆਪ ਨੂੰ ਛੱਡ ਦੇਣਗੇ ਉਹਨਾਂ ਕਿਹਾ ਕਿ ਆਪ ਵੱਲੋਂ ਵਿਧਾਇਕਾ ਆਗੂਆਂ ਨੂੰ ਡਰਾਇਆ ਹੋਇਆ ਹੈ ਜਿਸ ਕਰਕੇ ਉਹ ਬੋਲਣ ਤੋਂ ਡਰਦੇ ਹਨ।
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਮਸਾ ਦੋ ਚਾਰ ਸੀਟਾਂ ਹੀ ਮਿਲ ਸਕਦੀਆਂ ਹਨ ਆਪ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਬਹੁਤ ਵੱਡੇ ਅੰਤਰ ਨਾਲ ਚੋਣ ਹਾਰ ਜਾਣਗੇ। ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਖੇਤਰੀ ਪਾਰਟੀ ਹੈ ਜਿਹੜੀ ਕਿਸਾਨਾਂ ਅਤੇ ਕਿਸਾਨੀ ਦੇ ਨਾਲ ਖੜੀ ਹੈ। ਉਨ੍ਹਾਂ ਸਮੂਹ ਕਿਸਾਨ ਧਿਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ।
ਉਧਰ ਹਰਮੀਤ ਸਿੰਘ ਕਾਦੀਆਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਦੇ ਸਿਆਸੀ ਵਿੰਗ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕਿਸਾਨੀ ਮਸਲਿਆਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਪਰ ਕਿਸੇ ਨੇ ਕੋਈ ਭਰੋਸਾ ਨਹੀਂ ਦਿੱਤਾ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਿਸਾਨੀ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਸਦਕਾ ਭਾਰਤੀ ਕਿਸਾਨ ਯੂਨੀਅਨ ਨੇ ਇਹ ਕਦਮ ਚੁੱਕਿਆ ਹੈ। ਕਾਦੀਆਂ ਨੇ ਇਹ ਵੀ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚਾ ਦੇ ਹੋਰ ਆਗੂਆਂ ਨੂੰ ਵੀ ਖੇਤਰੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਨਗੇ ਪਰ ਇਹ ਹੈ ਕਿ ਹਰੇਕ ਪਾਰਟੀ ਦਾ ਆਪਣਾ ਆਪਣਾ ਸੰਵਿਧਾਨ ਤੇ ਸਟੈਂਡ ਹੁੰਦਾ ਹੈ।।