ਸਬਸਿਡੀ ਵਾਲਾ ਕਣਕ ਦਾ ਬੀਜ ਖੇਤੀਬਾੜੀ ਦਫ਼ਤਰ ਪੁੱਜਿਆ, ਕਿਸਾਨਾਂ ਨੂੰ ਦਿੱਤੇ ਜਾ ਰਹੇ ਦੋ-ਦੋ ਥੈਲੇ ਸਬਸਿਡੀ ਵਾਲਾ ਕਣਕ ਦਾ ਬੀਜ ਖੇਤੀਬਾੜੀ ਦਫ਼ਤਰ ਪੁੱਜਿਆ,
Publish Date: Thu, 29 Oct 2026 08:32 PM (IST)
Updated Date: Thu, 29 Oct 2026 08:34 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੇ ਆ ਰਹੇ ਸੀਜ਼ਨ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਰਿਆਇਤੀ ਦਰਾਂ ’ਤੇ ਉੱਚ ਮਿਆਰੀ ਪ੍ਰਮਾਣਿਤ ਬੀਜ ਉਪਲਬਧ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਡੇਰਾਬੱਸੀ ਦੇ ਈਸਾਪੁਰ ਰੋਡ ਸਥਿਤ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿਖੇ ਕਣਕ ਦੀਆਂ ਉੱਨਤ ਕਿਸਮਾਂ ਪੀਬੀਡਬਲਯੂ 872 ਅਤੇ ਪੀਬੀਡਬਲਯੂ 826 ਦੇ ਸਬਸਿਡੀ ਵਾਲੇ ਬੀਜ ਪਹੁੰਚ ਚੁੱਕੇ ਹਨ, ਜਿਨ੍ਹਾਂ ਦੀ ਵੰਡ ਲਗਾਤਾਰ ਜਾਰੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ (ਏਡੀਓ) ਕਲਪਨਾ ਨੇ ਦੱਸਿਆ ਕਿ ਹਲਕੇ ਦੇ ਕਿਸਾਨਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਕਣਕ ਦੇ ਬੀਜਾਂ ਦੇ ਕੁੱਲ 1750 ਥੈਲੇ ਪ੍ਰਾਪਤ ਹੋਏ ਹਨ। ਹਰੇਕ ਥੈਲੇ ਵਿਚ 40 ਕਿਲੋਗ੍ਰਾਮ ਬੀਜ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਵੱਲੋਂ ਲਗਭਗ 400 ਥੈਲੇ ਪ੍ਰਾਪਤ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਰਹਿੰਦਾ ਬੀਜ ਵੰਡਣ ਲਈ ਦਫ਼ਤਰ ਵਿਖੇ ਮੁਹੱਈਆ ਹੈ। ਏਡੀਓ ਕਲਪਨਾ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਦਾ ਮੁੱਖ ਮਨੋਰਥ ਕਿਸਾਨਾਂ ਨੂੰ ਸਮੇਂ ਸਿਰ ਵਧੀਆ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਬਿਨਾਂ ਕਿਸੇ ਦੇਰੀ ਦੇ ਕਣਕ ਦੀ ਬਿਜਾਈ ਕਰ ਸਕਣ। ਬੀਜ ਦੀ ਨਿਯਮਿਤ ਅਤੇ ਬਰਾਬਰ ਵੰਡ ਯਕੀਨੀ ਬਣਾਉਣ ਲਈ ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 40-40 ਕਿਲੋ ਦੇ ਦੋ ਥੈਲੇ (ਕੁੱਲ 80 ਕਿਲੋਗ੍ਰਾਮ) ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਰਾਂ ਦੀ ਸਲਾਹ ਅਨੁਸਾਰ ਹੀ ਬੀਜਾਂ ਦੀ ਚੋਣ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਧੀਆ ਝਾੜ ਪ੍ਰਾਪਤ ਕਰਨ ਲਈ ਸਹੀ ਕਿਸਮ ਦੇ ਨਾਲ-ਨਾਲ ਢੁਕਵੇਂ ਸਮੇਂ ’ਤੇ ਬਿਜਾਈ, ਖੇਤ ਦੀ ਸਹੀ ਤਿਆਰੀ ਅਤੇ ਨਵੀਨਤਮ ਤਕਨੀਕੀ ਨੁਕਤਿਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਏਟੀਐੱਮ ਮਨਜੀਤ ਸਿੰਘ ਅਤੇ ਬੀਟੀਐੱਮ ਪੁਨੀਤ ਗੁਪਤਾ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਦਫ਼ਤਰ ਪਹੁੰਚ ਰਹੇ ਕਿਸਾਨਾਂ ਨੂੰ ਬਿਜਾਈ ਸਬੰਧੀ ਬਹੁਮੁੱਲੀ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਵਿਭਾਗ ਨੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਫ਼ਤਰ ਪਹੁੰਚ ਕੇ ਸਬਸਿਡੀ ਵਾਲੇ ਬੀਜ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਹੈ।