ਜਨਗਣਨਾ ਤੇ ਗੈਰ ਵਿੱਦਿਅਕ ਡਿਊਟੀਆਂ ਕਾਰਨ ਸਕੂਲਾਂ ’ਚ ਪੜ੍ਹਾਈ ਪ੍ਰਭਾਵਿਤ ਜਨਗਣਨਾ ਤੇ ਗੈਰ ਵਿੱਦਿਅਕ ਡਿਊਟੀਆਂ ਕਾਰਨ ਸਕੂਲਾਂ ’ਚ ਪੜ੍ਹਾਈ ਪ੍ਰਭਾਵਿਤ
Publish Date: Mon, 23 Nov 2026 07:13 PM (IST)
Updated Date: Mon, 23 Nov 2026 07:16 PM (IST)
-ਜੀਟੀਯੂ ਦੇ ਨੁਮਾਇੰਦਿਆਂ ਵਲੋਂ ਸਰਕਾਰ ਵਿਰੁੱਧ ਰੋਸ ਵਿਖਾਵਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਇਕ ਪਾਸੇ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਜਦਕਿ ਦੂਜੇ ਪਾਸੇ ਅਧਿਆਪਕਾਂ ਨੂੰ ਲਗਾਤਾਰ ਗੈਰ-ਵਿੱਦਿਅਕ ਕੰਮਾਂ ’ਚ ਉਲਝਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਮੁਹਾਲੀ ਦੇ ਕਾਫ਼ੀ ਸਕੂਲਾਂ ’ਚ ਸਾਰੇ ਦਾ ਸਾਰਾ ਸਟਾਫ਼ ਜਨਗਣਨਾ ਡਿਊਟੀ ’ਤੇ ਲਗਾਇਆ ਹੋਇਆ ਹੈ ਅਤੇ ਹਰੇਕ ਸਕੂਲ ਦੇ ਘੱਟੋ-ਘੱਟ 80 ਫੀਸਦੀ ਅਧਿਆਪਕ ਜਨਗਣਨਾ ਡਿਊਟੀ ਨਿਭਾਅ ਰਹੇ ਹਨ। ਜਿਸ ਦੇ ਰੋਸ ਵਜੋਂ ਅਧਿਆਪਕਾਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ। ਪ੍ਰੈੱਸ ਸਕੱਤਰ ਬਲਜੀਤ ਚੁੰਬਰ ਅਤੇ ਰਾਜੇਸ਼ ਜੋਸ਼ੀ ਨੇ ਕਿਹਾ ਕਿ ਪਹਿਲਾਂ ਹੀ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ, ਵੱਖ-ਵੱਖ ਵਿਭਾਗੀ ਡਿਊਟੀਆਂ, ਆਨਲਾਈਨ ਰਿਪੋਰਟਾਂ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ ਕਾਰਨ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਹੁਣ ਜਨਗਣਨਾ ਦੇ ਦੂਜੇ ਪੜਾਅ ’ਚ ਵੱਡੀ ਗਿਣਤੀ ’ਚ ਅਧਿਆਪਕਾਂ ਦੀ ਡਿਊਟੀ ਲਗਾਉਣ ਨਾਲ ਸਕੂਲਾਂ ’ਚ ਅਧਿਆਪਕਾਂ ਦੀ ਉਪਲਬਧਤਾ ਹੋਰ ਘੱਟ ਜਾਵੇਗੀ। ਇਸ ਦਾ ਸਿੱਧਾ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਪਵੇਗਾ। ਯੂਨੀਅਨ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਧਿਆਪਕਾਂ ਤੋਂ ਹੀ ਹਰ ਤਰ੍ਹਾਂ ਦੇ ਪ੍ਰਸ਼ਾਸਨਿਕ ਅਤੇ ਗੈਰ-ਵਿੱਦਿਅਕ ਕੰਮ ਕਰਵਾਉਂਦੀ ਰਹੇਗੀ ਤਾਂ ਫਿਰ ਸਕੂਲਾਂ ’ਚ ਪੜ੍ਹਾਈ ਕੌਣ ਕਰਵਾਏਗਾ? ਵਿਦਿਆਰਥੀਆਂ ਦੇ ਕੀਮਤੀ ਸਮੇਂ ਅਤੇ ਉਨ੍ਹਾਂ ਦੇ ਭਵਿੱਖ ਦੀ ਜ਼ਿੰਮੇਵਾਰੀ ਕੌਣ ਲਵੇਗਾ? ਜਥੇਬੰਦੀ ਨੇ ਮੰਗ ਕੀਤੀ ਕਿ ਜਨਗਣਨਾ ਦੀ ਡਿਊਟੀ ਲਈ ਵੱਖਰੇ ਮੁਲਾਜ਼ਮਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਪੜ੍ਹਾਈ ਦੇ ਮੁੱਖ ਕੰਮ ਲਈ ਸਕੂਲਾਂ ’ਚ ਹੀ ਰਹਿਣ ਦਿੱਤਾ ਜਾਵੇ। ਜੇਕਰ ਅਧਿਆਪਕਾਂ ਦੀ ਡਿਊਟੀ ਲਗਾਉਣੀ ਲਾਜ਼ਮੀ ਹੋਵੇ ਤਾਂ ਸਕੂਲਾਂ ’ਚ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਣ ਲਈ ਢੁਕਵੇਂ ਬਦਲਵੇਂ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਧਿਆਪਕਾਂ ਨੂੰ ਅਧਿਆਪਨ ਦੇ ਕੰਮ ਤੋਂ ਲਗਾਤਾਰ ਦੂਰ ਰੱਖਣ ਦੀ ਨੀਤੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਸਰਕਾਰ ਸਿੱਖਿਆ ਸੁਧਾਰਾਂ ਦੇ ਇਸ਼ਤਿਹਾਰਾਂ ਦੀ ਬਜਾਏ ਜ਼ਮੀਨੀ ਪੱਧਰ ’ਤੇ ਸਕੂਲਾਂ ’ਚ ਪੜ੍ਹਾਈ ਦੇ ਪ੍ਰਬੰਧ ਸੁਧਾਰਨ ਵੱਲ ਧਿਆਨ ਦੇਵੇ। ਇਸ ਮੌਕੇ ਸਤਵਿੰਦਰ ਕੌਰ,ਵੀਰਪਾਲ ਕੌਰ,ਸਰਬਜੀਤ ਕੌਰ ,ਚਰਨਜੀਤ ਸਿੰਘ ਗੁਲਜੀਤ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਹਰਪ੍ਰੀਤ ਹੁਸ਼ਿਆਰਪੁਰ, ਅਮਰੀਕ ਸਿੰਘ, ਅਵਰਿੰਦਰ ਸਿੰਘ, ਬਲਜੀਤ ਸਨੇਟਾ, ਵੇਦ ਪ੍ਰਕਾਸ਼ ਆਦਿ ਸਾਥੀ ਹਾਜ਼ਰ ਸਨ।