ਵਿਦਿਆਰਥੀਆਂ ਨੂੰ ਆਰਗੈਨਿਕ ਖਾਦ ਦੇ ਲਾਭਾਂ ਬਾਰੇ ਕੀਤਾ ਜਾਗਰੂਕ ਸਵੱਛਤਾ ਹੀ ਸੇਵਾ ਤਹਿਤ ਵਿਦਿਆਰਥੀਆਂ ਨੂੰ ਆਰਗੈਨਿਕ ਖਾਦ ਦੇ ਲਾਭਾਂ ਬਾਰੇ ਕੀਤਾ ਜਾਗਰੂਕ
Publish Date: Mon, 21 Sep 2026 09:37 PM (IST)
Updated Date: Tue, 22 Sep 2026 04:09 AM (IST)
ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਗੁਰੂ ਰਾਮ ਰਾਏ ਪਬਲਿਕ ਸਕੂਲ ਕੁਰਾਲੀ ਵਿਖੇ ਸੂਬਾ ਪੱਧਰੀ ਸਫ਼ਾਈ ਮੁਹਿੰਮ ‘ਸਵੱਛਤਾ ਹੀ ਸੇਵਾ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਨਗਰ ਕੌਂਸਲ ਕੁਰਾਲੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਘਰਾਂ ਤੋਂ ਨਿਕਲਣ ਵਾਲੇ ਗਿੱਲੇ ਕੂੜੇ ਦੀ ਸੁਚੱਜੀ ਸੰਭਾਲ ਅਤੇ ਇਸ ਤੋਂ ਤਿਆਰ ਕੀਤੀ ਜਾ ਸਕਣ ਵਾਲੀ ਆਰਗੇਨਿਕ ਖਾਦ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਫ਼ਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਆਦਿ ਤੋਂ ਤਿਆਰ ਕੀਤੀ ਗਈ ਖਾਦ ਵੀ ਵੰਡੀ ਗਈ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਘਰਾਂ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਗਿੱਲੇ ਕੂੜੇ ਨੂੰ ਕੂੜਾ ਸਮਝ ਕੇ ਸੁੱਟਣ ਦੀ ਬਜਾਏ ਇਸ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਕੁਦਰਤੀ ਅਤੇ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਕੂੜੇ ਦੀ ਮਾਤਰਾ ਘਟਦੀ ਹੈ, ਉੱਥੇ ਹੀ ਬਾਗਬਾਨੀ ਅਤੇ ਖੇਤੀਬਾੜੀ ਲਈ ਕੁਦਰਤੀ ਖਾਦ ਉਪਲਬਧ ਹੁੰਦੀ ਹੈ। ਇਸ ਮੌਕੇ ਸ਼ੇਰ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਸਫ਼ਾਈ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਆਪਣੇ ਮਾਪਿਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਕੂੜੇ ਦੇ ਸਹੀ ਪ੍ਰਬੰਧਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਘਰਾਂ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਸਰੋਤ ਪੱਧਰ ’ਤੇ ਹੀ ਗਿੱਲੇ ਅਤੇ ਸੁੱਕੇ ਕੂੜੇ ਵਿੱਚ ਵੱਖ-ਵੱਖ ਕੀਤਾ ਜਾਣਾ ਚਾਹੀਦਾ ਹੈ। ਗਿੱਲੇ ਕੂੜੇ ਵਿੱਚ ਫ਼ਲਾਂ-ਸਬਜ਼ੀਆਂ ਦੇ ਛਿਲਕੇ, ਬਚਿਆ ਹੋਇਆ ਖਾਣਾ ਅਤੇ ਹੋਰ ਜੈਵਿਕ ਸਮੱਗਰੀ ਨੂੰ ਸ਼ਾਮਲ ਕਰਕੇ ਇਸ ਤੋਂ ਖਾਦ ਤਿਆਰ ਕੀਤੀ ਜਾ ਸਕਦੀ ਹੈ, ਜਦਕਿ ਸੁੱਕੇ ਕੂੜੇ ਨੂੰ ਵੱਖਰਾ ਇਕੱਠਾ ਕਰਕੇ ਰੀਸਾਈਕਲਿੰਗ ਲਈ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ‘ਸਵੱਛਤਾ ਹੀ ਸੇਵਾ’ ਮੁਹਿੰਮ 2 ਅਕਤੂਬਰ ਗਾਂਧੀ ਜੈਅੰਤੀ ਤੱਕ ਜਾਰੀ ਰਹੇਗੀ। ਇਸ ਦੌਰਾਨ ਸਫ਼ਾਈ ਅਤੇ ਵਾਤਾਵਰਨ ਸੰਭਾਲ ਸਬੰਧੀ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਨ ਬਣਾਉਣ ਲਈ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕਾਂ, ਸਕੂਲੀ ਵਿਦਿਆਰਥੀਆਂ ਅਤੇ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਸਕੂਲ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਮੈਡਮ ਨੀਤੂ ਢਿੱਲੋਂ, ਨਗਰ ਕੌਂਸਲ ਦੇ ਕਰਮਚਾਰੀ ਸ਼ੇਰ ਸਿੰਘ ਅਤੇ ਇਲਾਕੇ ਦੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੇ ਸਫ਼ਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਆਪਣੇ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਲਈ ਵੀ ਪ੍ਰੇਰਣਾ ਲਈ।