ਵਿਦਿਆਰਥੀਆਂ ਨੇ ਯੁਵਕ ਅਤੇ ਲੋਕ ਮੇਲੇ ’ਚ ਗੱਡੇ ਸਫ਼ਲਤਾ ਦੇ ਝੰਡੇ ਵਿਦਿਆਰਥੀਆਂ ਨੇ ਯੁਵਕ ਅਤੇ ਲੋਕ ਮੇਲੇ ’ਚ ਗੱਡੇ ਸਫ਼ਲਤਾ ਦੇ ਝੰਡੇ
Publish Date: Thu, 22 Oct 2026 07:16 PM (IST)
Updated Date: Thu, 22 Oct 2026 07:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਪੜ-ਫ਼ਤਹਿਗੜ੍ਹ ਖੇਤਰ ਦੇ ਯੁਵਕ ਅਤੇ ਲੋਕ ਮੇਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੇਲੇ ’ਚ ਰੋਪੜ-ਫ਼ਤਿਹਗੜ੍ਹ ਖੇਤਰ ਦੇ ਕੁੱਲ 65 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਖੇਤਰੀ ਯੁਵਕ ਮੇਲੇ ਵਿਚ ਸਰਕਾਰੀ ਕਾਲਜ ਡੇਰਾਬੱਸੀ ਦੇ 83 ਵਿਦਿਆਰਥੀਆਂ ਨੇ ਆਪਣੀ ਲਗਨ, ਪ੍ਰਤਿਭਾ ਅਤੇ ਸਖ਼ਤ ਮਿਹਨਤ ਦਾ ਮੁਜ਼ਾਹਰਾ ਕਰਦਿਆਂ ਵੱਖ-ਵੱਖ ਵੰਨਗੀਆਂ ਦੇ ਕੁੱਲ 44 ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਵੱਡੀਆਂ ਜਿੱਤਾਂ ਦਰਜ ਕੀਤੀਆਂ। ਸਾਹਿਤਕ, ਸੰਗੀਤਕ, ਰੰਗਮੰਚੀ ਕਲਾਵਾਂ, ਲੋਕ ਕਲਾਵਾਂ, ਲੋਕ ਨਾਚਾਂ ਅਤੇ ਕੋਮਲ ਕਲਾਵਾਂ ਦੇ ਵਿਭਿੰਨ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬਹੱਤਰੀਨ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਰੰਗਮੰਚੀ ਕਲਾਵਾਂ ਦੇ ਮਾਈਮ ਮੁਕਾਬਲੇ ’ਚ ਲਗਾਤਾਰ ਦੂਜੇ ਸਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੋਸ਼ਨ ਕੀਤਾ। ਇਸ ਟੀਮ ਵਿਚ ਅਸ਼ੀਸ਼, ਰੌਸ਼ਨੀ, ਚੇਤਨਾ, ਵੰਸ਼, ਗੁੱਡੀ ਕੁਮਾਰੀ, ਅਰਵਿੰਦਰ ਕੁਮਾਰ ਅਤੇ ਖੁਸ਼ੀ ਸਕਸੈਨਾ ਸ਼ਾਮਲ ਸਨ। ਲੋਕ ਕਲਾਵਾਂ ਵਿਚੋਂ ਪਰਾਂਦਾ ਬਣਾਉਣ ਦੇ ਮੁਕਾਬਲੇ ’ਚ ਸਿਮਰਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਿਮਿਕਰੀ ਵਿਚ ਚੇਤਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਰਾਓ ਨੇ ਇਨਾਮ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲਿਆਂ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ’ਚ ਨਿਖਾਰ ਆਉਂਦਾ ਹੈ ਅਤੇ ਉਹ ਆਪਣੀ ਅਮੀਰ ਕਲਾ ਤੇ ਸਾਹਿਤ ਨਾਲ ਜੁੜਦੇ ਹਨ।