- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਯੂ ਦੇ ਵਾਤਾਵਰਣ ਵਿਭਾਗ ਦੀ ਪ੍ਰੋਫੈਸਰ ਡਾ. ਸੁਮਨ ਮੋਰ ਅਤੇ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਰਵਿੰਦਰ ਖੈਵਾਲ ਮੁਤਾਬਕ ਪਿਛਲੇ ਸਾਲ ਦੀ ਇਸੇ ਮਿਆਦ ਨਾਲ ਤੁਲਨਾ ਕਰਨ ’ਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 1.29 ਫੀਸਦੀ ਵਧੀਆਂ ਹਨ, ਜਦਕਿ ਹਰਿਆਣਾ ਵਿੱਚ 23.78 ਫੀਸਦੀ ਕਮੀ ਆਈ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਕਟਾਈ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਪੰਜਾਬ ਯੂਨੀਵਰਸਿਟੀ (ਪੀਯੂ) ਅਤੇ ਪੀਜੀਆਈ ਦੀ ਸਾਂਝੀ ਟੀਮ ਵੱਲੋਂ ਸੈਟੇਲਾਈਟ ਡਾਟਾ ਰਾਹੀਂ ਕੀਤੀ ਜਾ ਰਹੀ ਨਿਗਰਾਨੀ ਮੁਤਾਬਕ 1 ਸਤੰਬਰ ਤੋਂ 6 ਅਕਤੂਬਰ ਤੱਕ ਦੋਵਾਂ ਸੂਬਿਆਂ ਵਿੱਚ ਪਰਾਲੀ ਸਾੜਨ ਦੀਆਂ 304 ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਪੰਜਾਬ ਦੀਆਂ 179 ਅਤੇ ਹਰਿਆਣਾ ਦੀਆਂ 125 ਘਟਨਾਵਾਂ ਸ਼ਾਮਲ ਹਨ।
ਪੀਯੂ ਦੇ ਵਾਤਾਵਰਣ ਵਿਭਾਗ ਦੀ ਪ੍ਰੋਫੈਸਰ ਡਾ. ਸੁਮਨ ਮੋਰ ਅਤੇ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਰਵਿੰਦਰ ਖੈਵਾਲ ਮੁਤਾਬਕ ਪਿਛਲੇ ਸਾਲ ਦੀ ਇਸੇ ਮਿਆਦ ਨਾਲ ਤੁਲਨਾ ਕਰਨ ’ਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 1.29 ਫੀਸਦੀ ਵਧੀਆਂ ਹਨ, ਜਦਕਿ ਹਰਿਆਣਾ ਵਿੱਚ 23.78 ਫੀਸਦੀ ਕਮੀ ਆਈ ਹੈ। ਹਾਲਾਂਕਿ 2012 ਤੋਂ 2025 ਦੇ ਲੰਬੇ ਸਮੇਂ ਦੇ ਔਸਤ ਨਾਲ ਤੁਲਨਾ ਕੀਤੀ ਜਾਵੇ ਤਾਂ ਪੰਜਾਬ ਵਿੱਚ ਘਟਨਾਵਾਂ 78.59 ਫੀਸਦੀ ਅਤੇ ਹਰਿਆਣਾ ਵਿੱਚ 57.46 ਫੀਸਦੀ ਘੱਟ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਹਾਲੇ ਤੇਜ਼ ਹੋਣੀ ਬਾਕੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੀ ਸਥਿਤੀ ਹੋਰ ਸਪੱਸ਼ਟ ਹੋਵੇਗੀ। ਪੰਜਾਬ ਵਿੱਚ ਹੁਣ ਤੱਕ ਸੰਗਰੂਰ, ਤਰਨਤਾਰਨ, ਫ਼ਿਰੋਜ਼ਪੁਰ, ਮੁਕਤਸਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਮਾਨਸਾ, ਫ਼ਾਜ਼ਿਲਕਾ, ਪਟਿਆਲਾ, ਲੁਧਿਆਣਾ, ਕਪੂਰਥਲਾ, ਫ਼ਰੀਦਕੋਟ, ਬਰਨਾਲਾ, ਮਲੇਰਕੋਟਲਾ ਅਤੇ ਗੁਰਦਾਸਪੁਰ ਮੁੱਖ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਹੇ ਹਨ। ਹਰਿਆਣਾ ਵਿੱਚ ਕਰਨਾਲ, ਸਿਰਸਾ ਅਤੇ ਹਿਸਾਰ ’ਚ ਸਭ ਤੋਂ ਵੱਧ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਏਕਿਊਆਈ 300 ਤੋਂ ਪਾਰ ਜਾਣ ਦਾ ਖ਼ਦਸ਼ਾ
ਮਾਹਿਰਾਂ ਮੁਤਾਬਕ ਹਰ ਸਾਲ ਝੋਨੇ ਦੀ ਪਰਾਲੀ ਅਤੇ ਦੀਵਾਲੀ ਦੌਰਾਨ ਹੋਣ ਵਾਲਾ ਧੂੰਆਂ ਹਵਾ ਦੀ ਗੁਣਵੱਤਾ ’ਤੇ ਅਸਰ ਪਾਉਂਦਾ ਹੈ। ਇਸ ਵਾਰ ਵੀ ਪਰਾਲੀ ਦੇ ਧੂੰਏਂ ਨਾਲ ਦੀਵਾਲੀ ਦੇ ਧੂੰਏਂ ਦੇ ਮਿਲਣ ਕਾਰਨ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 300 ਤੋਂ ਪਾਰ ਜਾਣ ਦਾ ਖ਼ਦਸ਼ਾ ਹੈ।