ਲਾਲੜੂ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਲਾਲੜੂ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਬੰਦ,
Publish Date: Thu, 15 Oct 2026 08:29 PM (IST)
Updated Date: Thu, 15 Oct 2026 08:30 PM (IST)
-ਬਾਜ਼ਾਰ ਰਹੇ ਬੰਦ, ਮੁੱਖ ਮੰਤਰੀ ਦਾ ਪੁਤਲਾ ਸਾੜਿਆ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਦਾ ਵੀਰਵਾਰ ਨੂੰ ਲਾਲੜੂ ਵਿਚ ਪੂਰਾ ਅਸਰ ਦੇਖਣ ਨੂੰ ਮਿਲਿਆ। ਲਾਲੜੂ ਦੀਆਂ ਦੁਕਾਨਾਂ ਸਵੇਰੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਬੰਦ ਰਹੀਆਂ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਰਣਜੀਤ ਸਿੰਘ ਰਾਣਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲਖਵਿੰਦਰ ਸਿੰਘ ਹੈਪੀ ਮਲਕਪੁਰ, ਕਿਸਾਨ ਯੂਨੀਅਨ ਕਾਦੀਆਂ ਦੇ ਅਤਿੰਦਰ ਸਿੰਘ ਖੇੜੀ ਜੱਟਾਂ, ਜ਼ਮਹੂਰੀ ਕਿਸਾਨ ਸਭਾ ਦੇ ਗੁਰਵਿੰਦਰ ਸਿੰਘ ਚਾਂਦਹੇੜੀ, ਅਕਾਲੀ ਦਲ ਵਾਰਿਸ ਪੰਜਾਬ ਦੇ ਨਿਰਮੈਲ ਸਿੰਘ ਜੌਲਾ ਤੇ ਕੁਲਦੀਪ ਸਿੰਘ ਸਰਸੀਣੀ ਦੀ ਅਗਵਾਈ ਵਿਚ ਲਾਲੜੂ ਬਾਜ਼ਾਰ ਵਿਚ ਰੋਸ ਮਾਰਚ ਕੱਢ ਕੇ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਉਪਰੰਤ ਲਾਲੜੂ ਦੇ ਨਵੇਂ ਬੱਸ ਅੱਡੇ ਵਿਚ ਮੁੱਖ ਮੰਤਰੀ ਦਾ ਪੁਤਲਾ ਫੂਕਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਅਗਵਾਈ ਵਿਚ ਦੱਪਰ ਟੋਲ ਪਲਾਜ਼ਾ ਉੱਤੇ ਕੁੱਝ ਸਮੇਂ ਲਈ ਵੱਖ-ਵੱਖ ਤੌਰ ’ਤੇ ਸੰਕੇਤਕ ਜਾਮ ਵੀ ਲਗਾਇਆ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੌਜਵਾਨਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਲਗਾਤਾਰ ਮਾਮਲੇ ਦਰਜ ਕਰ ਰਹੀ ਹੈ, ਜਦਕਿ ਜ਼ਮੀਨੀ ਪੱਧਰ ਉੱਤੇ ਨਸ਼ਾ ਰੁਕ ਨਹੀਂ ਰਿਹਾ। ਬੰਦ ਦੌਰਾਨ ਲਾਲੜੂ ਤੇ ਹੰਡੇਸਰਾ ਵਿਚ ਇਕਾ-ਦੂਕਾ ਸਕੂਲ ਛੱਡ ਕੇ ਸਾਰੇ ਨਿੱਜੀ ਸਕੂਲ ਬੰਦ ਰਹੇ। ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਬਲਾਕ ਡੇਰਾਬੱਸੀ ਦੇ ਕਾਰਜਕਾਰੀ ਪ੍ਰਧਾਨ ਹਰੀ ਸਿੰਘ ਬਹੋੜਾ, ਕਿਸਾਨ ਆਗੂ ਬਖਸ਼ੀਸ਼ ਸਿੰਘ ਭੱਟੀ, ਜਗਤਾਰ ਸਿੰਘ ਝਾਰਮੜੀ, ਰਣਜੀਤ ਸਿੰਘ ਭਗਵਾਨਪੁਰ, ਗੁਰਪ੍ਰੀਤ ਸਿੰਘ ਜਾਸਤਾਨਾ ਕਲਾਂ, ਅਵਤਾਰ ਸਿੰਘ, ਚਰਨਜੀਤ ਸਿੰਘ, ਪ੍ਰਦੀਪ ਸਿੰਘ ਤਸਿੰਬਲੀ, ਮਨਜੀਤ ਸਿੰਘ, ਸੁਰਜਨ ਸਿੰਘ, ਸੁਖਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।