ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮਾਹੌਲ, ਆਏ ਦਿਨ ਲੋਕ ਹੋ ਰਹੇ ਸ਼ਿਕਾਰ, ਕੌਂਸਲ ਬਣੀ ਮੂਕ ਦਰਸ਼ਕ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਮਾਹੌਲ, ਆਏ ਦਿਨ ਲੋਕ ਹੋ ਰਹੇ ਸ਼ਿਕਾਰ,
Publish Date: Fri, 30 Oct 2026 05:56 PM (IST)
Updated Date: Fri, 30 Oct 2026 05:58 PM (IST)
-ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀ ਬਣੇ ਮੂਕ ਦਰਸ਼ਕ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਬ-ਡਿਵੀਜ਼ਨ ਡੇਰਾਬੱਸੀ ਅਧੀਨ ਪੈਂਦੇ ਸਾਧੂ ਨਗਰ ਅਤੇ ਪਿੰਡ ਭਾਂਖਰਪੁਰ ਦੀਆਂ ਗਲੀਆਂ ’ਚ ਆਵਾਰਾ ਕੁੱਤਿਆਂ ਦੀ ਵਧਦੀ ਭਰਮਾਰ ਨੇ ਸਥਾਨਕ ਨਿਵਾਸੀਆਂ ਦਾ ਜੀਣਾ ਦੂਭਰ ਕਰ ਦਿੱਤਾ ਹੈ। ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇਸ ਕਦਰ ਵੱਧ ਚੁੱਕੀ ਹੈ ਕਿ ਹਰ ਗਲੀ-ਮੋੜ ਤੇ ਇਹ ਟੋਲੀਆਂ ਬਣਾ ਕੇ ਬੈਠੇ ਰਹਿੰਦੇ ਹਨ। ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਇਲਾਕਾ ਵਾਸੀ ਭਾਰੀ ਦਹਿਸ਼ਤ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਸਥਾਨਕ ਲੋਕਾਂ ਅਨੁਸਾਰ ਇਹ ਆਵਾਰਾ ਕੁੱਤੇ ਹੁਣ ਤੱਕ ਅਨੇਕਾਂ ਰਾਹਗੀਰਾਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਚੁੱਕੇ ਹਨ। ਸ਼ਾਮ ਢਲਦਿਆਂ ਹੀ ਇਨ੍ਹਾਂ ਦਾ ਖ਼ੌਫ਼ ਇੰਨਾ ਵੱਧ ਜਾਂਦਾ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ ਤੋਂ ਡਰਨ ਲੱਗੇ ਹਨ। ਪੈਦਲ ਚੱਲਣ ਵਾਲੇ ਅਤੇ ਦੁਪਹੀਆ ਵਾਹਨ ਚਾਲਕ ਅਕਸਰ ਇਨ੍ਹਾਂ ਕੁੱਤਿਆਂ ਦੇ ਹਮਲਿਆਂ ਦਾ ਸ਼ਿਕਾਰ ਬਣ ਰਹੇ ਹਨ, ਜਿਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਸਾਧੂ ਨਗਰ ਅਤੇ ਭਾਂਖਰਪੁਰ ਦੇ ਵਸਨੀਕਾਂ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਉਹ ਇਸ ਗੰਭੀਰ ਸਮੱਸਿਆ ਬਾਰੇ ਨਗਰ ਕੌਂਸਲ ਡੇਰਾਬੱਸੀ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਤੁਰੰਤ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਇਨ੍ਹਾਂ ਦੀ ਨਸਬੰਦੀ (ਸਟਰਲਾਈਜ਼ੇਸ਼ਨ) ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਇਸ ਦਹਿਸ਼ਤ ਤੋਂ ਰਾਹਤ ਮਿਲ ਸਕੇ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਕੌਂਸਲ ਨੇ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।