ਆਵਾਰਾ ਕੁੱਤੇ ਨੇ ਔਰਤ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ; ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜਤਾਇਆ ਰੋਹ ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਗਰੀਨ ਅਸਟੇਟ ਵਿਖੇ ਆਵਾਰਾ ਕੁੱਤਿਆਂ ਦਾ ਦਹਿਸ਼ਤਪੂਰਨ ਕਾਰਨਾਮਾ ਸਾਹਮਣੇ ਆਇਆ ਹੈ। ਖੇਤਰ ਵਿਚ ਇਕ ਆਵਾਰਾ ਕੁੱਤੇ ਨੇ ਲੰਘ ਰਹੀ ਇਕ ਔਰਤ 'ਤੇ ਅਚਾਨਕ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਵਿਚ ਗੁੱਸਾ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
Publish Date: Sun, 26 Jul 2026 12:56 PM (IST)
Updated Date: Sun, 26 Jul 2026 12:59 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ 'ਤੇ ਸਥਿਤ ਗਰੀਨ ਅਸਟੇਟ ਵਿਖੇ ਆਵਾਰਾ ਕੁੱਤਿਆਂ ਦਾ ਦਹਿਸ਼ਤਪੂਰਨ ਕਾਰਨਾਮਾ ਸਾਹਮਣੇ ਆਇਆ ਹੈ। ਖੇਤਰ ਵਿਚ ਇਕ ਆਵਾਰਾ ਕੁੱਤੇ ਨੇ ਲੰਘ ਰਹੀ ਇਕ ਔਰਤ 'ਤੇ ਅਚਾਨਕ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਵਿਚ ਗੁੱਸਾ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਔਰਤ ਆਪਣੇ ਨਿੱਜੀ ਕੰਮ ਲਈ ਗਲੀ ਵਿਚੋਂ ਲੰਘ ਰਹੀ ਸੀ ਕਿ ਅਚਾਨਕ ਇਕ ਆਵਾਰਾ ਕੁੱਤੇ ਨੇ ਉਸ 'ਤੇ ਝਪਟਾ ਮਾਰ ਦਿੱਤਾ। ਔਰਤ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਾਇਆ। ਘਟਨਾ ਦੌਰਾਨ ਔਰਤ ਦੇ ਕਾਫ਼ੀ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ।
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਰਕੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਗਰੀਨ ਅਸਟੇਟ ਅਤੇ ਬਰਵਾਲਾ ਰੋਡ 'ਤੇ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਤੁਰੰਤ ਫੜਿਆ ਜਾਵੇ। ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਢੁਕਵੀਂ ਮੁਹਿੰਮ ਚਲਾਈ ਜਾਵੇ।