ਅੰਡਰਪਾਥ 'ਚ ਪਰਾਲੀ ਦੀਆਂ ਗੰਢਾਂ ਬਣੀਆਂ ਵੱਡਾ ਖ਼ਤਰਾ, ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਲੋਕਾਂ 'ਚ ਭਾਰੀ ਰੋਸ; ਕਦੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ ਮੁਬਾਰਕਪੁਰ ਸਥਿਤ ਰੇਲਵੇ ਅੰਡਰਪਾਥ ਵਿਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਦੀਆਂ ਗੰਢਾਂ ਦਾ ਖਿਲਰਿਆ ਕਬਾੜ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸੜਕ 'ਤੇ ਖਿੱਲਰੀ ਇਸ ਪਰਾਲੀ ਕਾਰਨ ਜਿੱਥੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ, ਉੱਥੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Publish Date: Fri, 14 Aug 2026 11:58 AM (IST)
Updated Date: Fri, 14 Aug 2026 12:56 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਸਥਿਤ ਰੇਲਵੇ ਅੰਡਰਪਾਥ ਵਿਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਦੀਆਂ ਗੰਢਾਂ ਦਾ ਖਿਲਰਿਆ ਕਬਾੜ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸੜਕ 'ਤੇ ਖਿੱਲਰੀ ਇਸ ਪਰਾਲੀ ਕਾਰਨ ਜਿੱਥੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ, ਉੱਥੇ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅੰਡਰਪਾਥ ਵਿਚੋਂ ਲੰਘਦੇ ਓਵਰਲੋਡ ਵਾਹਨਾਂ ਤੋਂ ਡਿੱਗੀਆਂ ਪਰਾਲੀ ਦੀਆਂ ਗੰਢਾਂ ਹੁਣ ਪੂਰੇ ਰਸਤੇ ਵਿਚ ਖਿੱਲਰ ਚੁੱਕੀਆਂ ਹਨ। ਇਸ ਕਾਰਨ ਦੁਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਲੰਘਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ 'ਤੇ ਖਿਲਰੀ ਪਰਾਲੀ ਕਾਰਨ ਦੁਪਹੀਆ ਵਾਹਨਾਂ ਦੇ ਤਿਲਕਣ ਦਾ ਡਰ ਬਣਿਆ ਰਹਿੰਦਾ ਹੈ। ਸੁੱਕੀ ਪਰਾਲੀ 'ਚ ਕਿਸੇ ਰਾਹਗੀਰ ਵੱਲੋਂ ਬੀੜੀ-ਸਿਗਰਟ ਦੀ ਚੰਗਿਆੜੀ ਸੁੱਟੇ ਜਾਣ ਨਾਲ ਭਿਆਨਕ ਅੱਗ ਲੱਗਣ ਦਾ ਵੀ ਖ਼ਤਰਾ ਹੈ।
ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਧਿਕਾਰੀਆਂ ਦੀ ਇਸ ਅਣਦੇਖੀ ਕਾਰਨ ਰੋਜ਼ਾਨਾ ਹਜ਼ਾਰਾਂ ਲੋਕ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਇੱਥੋਂ ਲੰਘਣ ਲਈ ਮਜਬੂਰ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਉੱਚ ਅਧਿਕਾਰੀ ਤੁਰੰਤ ਇਸ ਮਾਮਲੇ ਦਾ ਧਿਆਨ ਲੈਣ ਅਤੇ ਰੇਲਵੇ ਅੰਡਰਪਾਥ ਵਿਚੋਂ ਪਰਾਲੀ ਦੇ ਕਬਾੜ ਨੂੰ ਹਟਾ ਕੇ ਰਸਤੇ ਦੀ ਮੁਕੰਮਲ ਸਫ਼ਾਈ ਕਰਵਾਉਣ। ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਇਲਾਕਾ ਨਿਵਾਸੀ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।