ਰਾਜ ਪੱਧਰੀ ਸਕੂਲ ਖੇਡਾਂ : ਮੁਹਾਲੀ ਨੂੰ ਹਰਾ ਕੇ ਲੁਧਿਆਣਾ ਦੀ ਟੀਮ ਚੈਂਪੀਅਨ ਬਣੀ ਰਾਜ ਪੱਧਰੀ ਸਕੂਲ ਖੇਡਾਂ : ਮੁਹਾਲੀ ਨੂੰ ਹਰਾ ਕੇ ਲੁਧਿਆਣਾ ਦੀ ਟੀਮ ਚੈਂਪੀਅਨ ਬਣੀ
Publish Date: Thu, 01 Oct 2026 07:48 PM (IST)
Updated Date: Thu, 01 Oct 2026 07:51 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਇੱਥੇ ਚੱਲ ਰਹੀਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਮੁਕੰਮਲ ਹੋਏ ਕੁੜੀਆਂ ਦੇ 17 ਸਾਲ ਵਰਗ ਦੇ ਬਾਸਕਟਬਾਲ ਮੁਕਾਬਲੇ ਵਿਚ ਲੁਧਿਆਣਾ ਦੀ ਟੀਮ ਚੈਂਪੀਅਨ ਬਣੀ, ਜਦਕਿ ਮੇਜ਼ਬਾਨ ਮੁਹਾਲੀ ਦੀ ਟੀਮ ਉੱਪ ਜੇਤੂ ਰਹੀ। ਇੱਥੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਕੁੜੀਆਂ ਦੇ 17 ਸਾਲ ਵਰਗ ਦੇ ਬਾਸਕਟਬਾਲ ਦੇ ਮੁਕਾਬਲੇ ਸੈਕਟਰ-78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿਚ ਮੁਕੰਮਲ ਹੋਏ। ਫਾਈਨਲ ਮੈਚ ਮੁਹਾਲੀ ਅਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਫਸਵੇਂ ਫਾਈਨਲ ਵਿਚ ਲੁਧਿਆਣਾ ਦੀ ਟੀਮ ਨੇ 62-57 ਦੇ ਅੰਤਰ ਨਾਲ ਜਿੱਤ ਦਰਜ ਕਰਕੇ ਟਰਾਫ਼ੀ ਆਪਣੇ ਨਾਂ ਕੀਤੀ। ਮੁਹਾਲੀ ਦੀ ਟੀਮ ਉੱਪ ਜੇਤੂ ਬਣੀ। ਬਾਸਕਟਬਾਲ ਦੇ ਤੀਜੇ ਤੇ ਚੌਥੇ ਸਥਾਨ ਲਈ ਮੈਚ ਪਟਿਆਲਾ ਤੇ ਮਾਨਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮਾਨਸਾ ਦੀ ਟੀਮ ਨੇ ਪਟਿਆਲਾ ਨੂੰ 67-48 ਦੇ ਅੰਤਰ ਨਾਲ ਹਰਾ ਕੇ ਤੀਜੇ ਸਥਾਨ ’ਤੇ ਕਬਜ਼ਾ ਕੀਤਾ। ਇਸੇ ਦੌਰਾਨ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਮੈਦਾਨ ਵਿਚ ਚੱਲ ਰਹੇ 17 ਸਾਲ ਵਰਗ ਦੀਆਂ ਕੁੜੀਆਂ ਦੇ ਕ੍ਰਿਕਟ ਮੁਕਾਬਲਿਆਂ ਦੇ ਸੈਮੀਫਾਈਨਲ ਗੇੜ ਦੇ ਮੈਚ ਖੇਡੇ ਗਏ। ਪਹਿਲਾ ਸੈਮੀਫਾਈਨਲ ਪਟਿਆਲਾ ਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਨਿਰਧਾਰਤ ਓਵਰਾਂ ਵਿਚ ਕੇਵਲ 71 ਦੌੜਾਂ ਬਣਾਈਆਂ, ਜਦਕਿ ਪਟਿਆਲਾ ਦੀ ਟੀਮ ਨੇ 14.1 ਓਵਰਾਂ ਵਿਚ ਜੇਤੂ ਟੀਚਾ ਪੂਰਾ ਕਰਦਿਆਂ ਚਾਰ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਫਾਈਨਲ ਵਿਚ ਥਾਂ ਪੱਕੀ ਕੀਤੀ। ਦੂਜਾ ਸੈਮੀਫਾਈਨਲ ਮੁਹਾਲੀ ਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮੁਹਾਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 186 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਿਸ ਵਿਚ ਅਮੰਨਿਆ ਦੀ 65 ਦੌੜਾਂ ਅਤੇ ਸੁਖਮਨਲੀਨ ਦੀ 67 ਦੌੜਾਂ ਦੀ ਧੂੰਆਂਧਾਰ ਪਾਰੀ ਸ਼ਾਮਲ ਸੀ। ਇਸ ਦੇ ਜਵਾਬ ਵਿਚ ਸੰਗਰੂਰ ਦੀ ਟੀਮ ਕੇਵਲ 62 ਦੌੜਾਂ ਹੀ ਬਣਾ ਸਕੀ। ਮੁਹਾਲੀ ਦੀ ਟੀਮ ਨੇ ਇਹ ਮੈਚ 124 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਬਾਸਕਟਬਾਲ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਡਾ. ਇੰਦ ਬਾਲਾ ਨੇ ਦੱਸਿਆ ਕਿ ਜੇਤੂ ਟੀਮ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੁਮਾਰ ਨਾਢਾ, ਮਨਪ੍ਰੀਤ ਸਿੰਘ ਗੋਸਲਾਂ, ਬਾਕਸਟਬਾਲ ਕੋਚ ਯਾਦਵਿੰਦਰ ਗੌੜ, ਅਮਨਦੀਪ ਕੌਰ, ਰਵਿੰਦਰ ਸਿੰਘ,ਸੀਮਾ ਧਾਰੀਵਾਲ, ਸਵੀਟੀ ਰਾਣਾ, ਨਿਤਿਨ ਰਾਏ, ਰਵਿੰਦਰ ਕੁਮਾਰ, ਸੰਦੀਪ ਖ਼ਾਨ, ਆਰਜ਼ੂ ਆਦਿ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ।