ਪੁਲਿਸ ਟੀਮ ’ਤੇ ਫਾਇਰਿੰਗ ਮਾਮਲਾ : ਐੱਸਐੱਸਪੀ ਜ਼ਖ਼ਮੀ ਪੁਲਿਸ ਜਵਾਨਾਂ ਦਾ ਹਾਲ ਜਾਣਨ ਹਸਪਤਾਲ ਪੁੱਜੇ ਪੁਲਿਸ ਟੀਮ 'ਤੇ ਫਾਇਰਿੰਗ ਮਾਮਲਾ : ਐੱਸਐੱਸਪੀ ਜ਼ਖ਼ਮੀ ਪੁਲਿਸ ਜਵਾਨਾਂ ਦਾ ਹਾਲ ਜਾਣਨ ਹਸਪਤਾਲ ਪੁੱਜੇ
Publish Date: Sun, 26 Jul 2026 07:17 PM (IST)
Updated Date: Sun, 26 Jul 2026 07:20 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਬੀਤੇ ਦਿਨੀਂ ਮੁਹਾਲੀ-ਲਾਂਡਰਾਂ ਰੋਡ ’ਤੇ ਪਿੰਡ ਸਨੇਟਾ ਨੇੜੇ ਸ਼ੱਕੀ ਨਸ਼ਾ ਤਸਕਰਾਂ ਵੱਲੋਂ ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ’ਤੇ ਕੀਤੇ ਹਮਲੇ ’ਚ ਜ਼ਖ਼ਮੀ ਹੋਏ ਦੋ ਪੁਲਿਸ ਜਵਾਨਾਂ ਦਾ ਹਾਲ-ਚਾਲ ਜਾਣਨ ਲਈ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਫੇਜ਼-6 ਵਿਖੇ ਸਰਕਾਰੀ ਹਸਪਤਾਲ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਜ਼ਖ਼ਮੀ ਜਵਾਨਾਂ ਦਾ ਹੌਸਲਾ ਵਧਾਇਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਇਸ ਹਮਲੇ ’ਚ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਤੇ ਸੀਨੀਅਰ ਕਾਂਸਟੇਬਲ ਜਗਜੀਤ ਸਿੰਘ ਗੋਲ਼ੀ ਲੱਗਣ ਕਰਕੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਹੈ। ਐਤਵਾਰ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਹਸਪਤਾਲ ਪਹੁੰਚ ਕੇ ਐੱਸਐੱਸਪੀ ਨੇ ਡਾਕਟਰਾਂ ਕੋਲੋਂ ਜਵਾਨਾਂ ਦੀ ਸਿਹਤ ਸਬੰਧੀ ਜਾਣਕਾਰੀ ਲਈ। ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਹਾਂਸ ਨੇ ਦੱਸਿਆ ਕਿ ਦੋ ਵਿਅਕਤੀ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ, ਜੋਕਿ ਇਸ ਸਮੇਂ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ। ਜਿਨ੍ਹਾਂ ਬਾਰੇ ਬੀਤੇ ਦਿਨੀਂ ਪੁਲਿਸ ਟੀਮ ਨੂੰ ਇਲਾਕੇ ’ਚ ਨਸ਼ੇ ਦੀ ਸਪਲਾਈ ਸਬੰਧੀ ਗੁਪਤ ਸੂਚਨਾ ਮਿਲੀ ਸੀ। ਜਦੋਂ ਪੁਲਿਸ ਨੇ ਇਕ ਸ਼ੱਕੀ ਗੱਡੀ ਨੂੰ ਰੋਕ ਕੇ ਪੁੱਛਗਿੱਛ ਕਰਨੀ ਚਾਹੀ, ਤਾਂ ਗੱਡੀ ’ਚ ਸਵਾਰ ਵਿਅਕਤੀ ਬਹਿਸ ਕਰਨ ਲੱਗ ਪਏ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ, ਜਿਨ੍ਹਾਂ ਨੇ ਆਉਂਦੇ ਹੀ ਪੁਲਿਸ ਟੀਮ ’ਤੇ ਗੋਲ਼ੀਬਾਰੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਅਨੁਸਾਰ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਦੋਵਾਂ ਜ਼ਖ਼ਮੀ ਪੁਲਿਸ ਜਵਾਨਾਂ ਦੀ ਹਾਲਤ ਹੁਣ ਸਥਿਰ ਹੈ ਤੇ ਉਹ ਖ਼ਤਰੇ ਤੋਂ ਬਿਲਕੁਲ ਬਾਹਰ ਹਨ। --------- ਡੱਬੀ- ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 6 ਤੋਂ 7 ਟੀਮਾਂ ਤਾਇਨਾਤ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੱਤੀ ਕਿ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ। ਫ਼ਰਾਰ ਤਸਕਰਾਂ ਦੀ ਭਾਲ ਲਈ 6 ਤੋਂ 7 ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।