ਕਾਲਜ ’ਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਕਾਲਜ ’ਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ
Publish Date: Wed, 23 Sep 2026 05:53 PM (IST)
Updated Date: Wed, 23 Sep 2026 05:57 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਦੇ ਐੱਨਐੱਸਐੱਸ ਡਿਵੀਜ਼ਨ ਵੱਲੋਂ ਭਾਰਤ ਸਰਕਾਰ ਦੀ ਰਾਸ਼ਟਰੀ ਮੁਹਿੰਮ ‘ਸਵੱਛਤਾ ਹੀ ਸੇਵਾ’ ਦਾ ਪੂਰਨ ਸਮਰਥਨ ਕਰਦਿਆਂ ਕਾਲਜ ਕੈਂਪਸ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਹ ਮੁਹਿੰਮ 2 ਅਕਤੂਬਰ ਤੱਕ ‘ਸਵੱਛਤਾ ਵਿਚ ਭਾਗੀਦਾਰੀ; ਸਵੱਛ ਭਾਰਤ, ਵਿਕਸਤ ਭਾਰਤ’ ਦੇ ਮੁੱਖ ਥੀਮ ਹੇਠ ਪੂਰੇ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ‘ਸਵੱਛ ਭਾਰਤ ਮਿਸ਼ਨ’ ਦੀ ਵਿਆਪਕ ‘ਲੋਕ ਭਾਗੀਦਾਰੀ’ ਪਹੁੰਚ ਨੂੰ ਅੱਗੇ ਵਧਾਉਣਾ ਹੈ। ਇਸ ਮੁਹਿੰਮ ਰਾਹੀਂ ਆਮ ਨਾਗਰਿਕਾਂ ਅਤੇ ਨੌਜਵਾਨਾਂ ਵਿਚ ਸਵੈ-ਇੱਛਤ ਭਾਗੀਦਾਰੀ, ਆਲੇ-ਦੁਆਲੇ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ਨੂੰ ਸਵੱਛ ਅਤੇ ਵਿਕਸਤ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਅਤੇ ਵਿਚਾਰਾਂ ਰਾਹੀਂ ਸਫ਼ਾਈ ਦਾ ਮਹੱਤਵ ਦਰਸਾਇਆ ਗਿਆ। ਐੱਨਐੱਸਐੱਸ ਵਲੰਟੀਅਰ ਪ੍ਰਭਾਸ਼ ਨੇ ਸਵੱਛਤਾ ਹੀ ਸੇਵਾ ਵਿਸ਼ੇ ਤੇ ਇਕ ਭਾਵਪੂਰਤ ਭਾਸ਼ਣ ਦਿੱਤਾ, ਜਿਸ ਵਿਚ ਉਸਨੇ ਰੋਜ਼ਾਨਾ ਜੀਵਨ ’ਚ ਸਫ਼ਾਈ ਅਪਣਾਉਣ ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਵਲੰਟੀਅਰ ਮਨਜੋਤ ਕੌਰ ਨੇ ਇਸੇ ਵਿਸ਼ੇ ’ਤੇ ਇਕ ਬਹੁਤ ਹੀ ਸੰਵੇਦਨਸ਼ੀਲ ਮੋਨੋਲੋਗ (ਇਕਾਂਗੀ ਪੇਸ਼ਕਾਰੀ) ਪੇਸ਼ ਕੀਤਾ, ਜਿਸ ਨੇ ਸਮਾਗਮ ਵਿਚ ਮੌਜੂਦ ਸਾਰੇ ਸਰੋਤਿਆਂ ਅਤੇ ਵਿਦਿਆਰਥੀਆਂ ਨੂੰ ਡੂੰਘਾ ਪ੍ਰਭਾਵਿਤ ਕੀਤਾ। ਇਸ ਮੌਕੇ ਐੱਨਐੱਸਐੱਸ ਕੋਆਰਡੀਨੇਟਰ ਪ੍ਰੋ. ਮੋਹਨੀਸ਼ ਆਰੀਆ ਅਤੇ ਡਾ. ਸ਼ਕੁੰਤਲਾ ਖ਼ਾਸ ਤੌਰ ਤੇ ਮੌਜੂਦ ਰਹੇ। ਉਨ੍ਹਾਂ ਨੇ ਵਲੰਟੀਅਰਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਫ਼ਾਈ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਅਤੇ ਸਫ਼ਾਈ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਵਿਚ ਸਫ਼ਲ ਰਿਹਾ।