ਸ਼੍ਰੋਮਣੀ ਅਕਾਲੀ ਦਲ ਵੱਲੋਂ ਜੁਆਏ ਬੈਦਵਾਨ ਦਾ ਵਿਸ਼ੇਸ਼ ਸਮਨਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੁਆਏ ਬੈਦਵਾਨ ਦਾ ਵਿਸ਼ੇਸ਼ ਸਮਨਾਨ
Publish Date: Tue, 27 Oct 2026 07:08 PM (IST)
Updated Date: Tue, 27 Oct 2026 07:10 PM (IST)
=,, ਜੁਆਏ ਬੈਦਵਾਨ ਨੇ ਪੁਆਧ ਇਲਾਕੇ ਦਾ ਮਾਣ ਵਧਾਇਆ: ਪਰਵਿੰਦਰ ਸੋਹਾਣਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਮੰਗਲਵਾਰ ਨੂੰ ਇਤਿਹਾਸਕ ਨਗਰ ਸੋਹਾਣਾ ਵਿਖੇ ਪੰਜਾਬ ਦੇ ਪੁਆਧ ਇਲਾਕੇ ਦੀ ਹੋਣਹਾਰ ਅਥਲੀਟ ਜੁਆਏ ਬੈਦਵਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਮਦਰਾਸ ’ਚ ਹੋਈਆਂ ਜੂਨੀਅਰ ਨੈਸ਼ਨਲ ਖੇਡਾਂ ਅੰਡਰ-18 ਦੇ ਸ਼ਾਟਪੁੱਟ ਮੁਕਾਬਲੇ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ।ਇਸ ਮੌਕੇ ਐੱਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਭੁਪਿੰਦਰ ਕੌਰ ਗੋਸਲ, ਬੀਬੀ ਬਲਜਿੰਦਰ ਕੌਰ, ਸਾਬਕਾ ਕੌਂਸਲਰ ਬੀਬੀ ਹਰਜਿੰਦਰ ਕੌਰ, ਸਾਬਕਾ ਬਲਾਕ ਸਮਿਤੀ ਮੈਂਬਰ ਮਾਤਾ ਬਲਬੀਰ ਕੌਰ ਸਮੇਤ ਕਈ ਹੋਰ ਮਹਿਲਾਵਾਂ ਮੌਜੂਦ ਸਨ। ਪਰਵਿੰਦਰ ਸੋਹਾਣਾ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਪੰਜਾਬ ਦੀਆਂ ਧੀਆਂ ਆਪਣੀਆਂ ਬੁਲੰਦੀਆਂ ਦੇ ਝੰਡੇ ਗੱਡ ਰਹੀਆਂ ਹਨ। ਜੁਆਏ ਬੈਦਵਾਨ ਨੇ ਸ਼ਾਟਪੁੱਟ ਮੁਕਾਬਲੇ ’ਚ ਸੋਨ ਤਮਗਾ ਜਿੱਤ ਕੇ ਪੁਆਧ ਇਲਾਕੇ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਵਿੱਢੇ ਸੰਘਰਸ਼ ਦੌਰਾਨ ਜੁਆਏ ਨੇ ਆਪਣੇ ਪਿਤਾ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨਾਲ ਮੋਢੇ ਨਾਲ ਮੋਢੇ ਜੋੜ ਕੇ ਧਰਨਾਕਾਰੀ ਕਿਸਾਨਾਂ ਲਈ ਲਗਾਏ ਲੰਗਰਾਂ ’ਚ ਦਿਨ ਰਾਤ ਸੇਵਾ ਕੀਤੀ ਹੈ। ਉਨ੍ਹਾਂ ’ਚ ਸਮਾਜ ਲਈ ਕੁੱਝ ਹਟ ਕੇ ਕਰਨ ਦਾ ਜਨੂਨ ਹੈ। ਜਿਨ੍ਹਾਂ ਤੋਂ ਬਾਕੀ ਲੜਕੀਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ। ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਉਸਦੀ ਹੋਣਹਾਰ ਧੀ ਜੁਆਏ ਨੇ 3 ਦਸੰਬਰ ਤੋਂ ਬ੍ਰਾਜ਼ੀਲ ’ਚ ਹੋਣ ਵਾਲੀਆਂ ਕੌਮਾਂਤਰੀ ਵਰਲਡ ਸਕੂਲ ਗੇਮਜ਼ ਲਈ ਭਾਰਤੀ ਟੀਮ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪੰਜਾਬ ਅਤੇ ਪੁਆਧ ਖੇਤਰ ਦਾ ਮਾਣ ਵਧਿਆ ਹੈ। ਸਾਲ 2023 ’ਚ ਅੰਡਰ-14 ਵਰਗ ’ਚ ਰਿਕਾਰਡ ਕਾਇਮ ਕਰਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਇਸ ਮਗਰੋਂ 2024 ’ਚ ਅੰਡਰ-17 ਅਤੇ 2025 ’ਚ ਯੂਥ ਗੇਮਜ਼ ਦੌਰਾਨ ਵੀ ਸੋਨ ਤਮਗੇ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ। ਜੁਆਏ ਬਹਿਰੀਨ ਅਤੇ ਸਾਊਦੀ ਅਰਬ ’ਚ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦਾ ਨਾਮ ਰੌਸ਼ਨ ਕਰ ਚੁੱਕੀ ਹੈ।