ਮੁਹਾਲੀ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਚੈਕਿੰਗ ਮੁਹਾਲੀ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਚੈਕਿੰਗ ਅਭਿਆਨ; ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Tue, 22 Sep 2026 10:16 PM (IST)
Updated Date: Wed, 23 Sep 2026 04:06 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਮੁਹਾਲੀ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ ਦੀਆਂ ਦਿਸ਼ਾ-ਨਿਰਦੇਸ਼ ਹੇਠ ਅਮਲ ’ਚ ਲਿਆਂਦੀ ਗਈ। ਇਸ ਤਹਿਤ ਥਾਣਾ ਫੇਜ਼-11 ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਬੈਦਵਾਨ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਮੁਹਾਲੀ ਦੇ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਤਲਾਸ਼ੀ ਅਤੇ ਸੁਰੱਖਿਆ ਅਭਿਆਨ ਚਲਾਇਆ ਗਿਆ। ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ : ਚੈਕਿੰਗ ਅਭਿਆਨ ਦੌਰਾਨ ਐੱਸਐੱਚਓ ਇੰਸਪੈਕਟਰ ਅਮਨਦੀਪ ਬੈਦਵਾਨ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਮੁੱਖ ਪਰਿਸਰ, ਪਲੇਟਫਾਰਮਾਂ, ਯਾਤਰੀ ਵੇਟਿੰਗ ਏਰੀਆ, ਟਿਕਟ ਕਾਊਂਟਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ ਹੀ ਲਵਾਰਿਸ ਪਏ ਸਾਮਾਨ ਜਾਂ ਸ਼ੱਕੀ ਵਸਤੂਆਂ ਦੀ ਜਾਂਚ ਲਈ ਵੀ ਵਿਸ਼ੇਸ਼ ਟੀਮਾਂ ਤਾਇਨਾਤ ਰਹੀਆਂ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਪੁਲਿਸ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ : ਇਸ ਮੌਕੇ ਐੱਸਐੱਸਪੀ ਮੁਹਾਲੀ ਨੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਡਿਊਟੀ ਦੌਰਾਨ ਪੂਰੀ ਤਰ੍ਹਾਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਪ੍ਰਾਥਮਿਕਤਾ ਹੈ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਤੇ ਤੁਰੰਤ ਨਜ਼ਰ ਰੱਖ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਯਾਤਰੀ ਬਿਨਾਂ ਕਿਸੇ ਡਰ ਤੋਂ ਸਫ਼ਰ ਕਰ ਸਕਣ। ਆਮ ਜਨਤਾ ਅਤੇ ਯਾਤਰੀਆਂ ਨੂੰ ਪੁਲਿਸ ਦੀ ਅਪੀਲ : ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਰੱਖਿਆ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ, ਜੇਕਰ ਰੇਲਵੇ ਸਟੇਸ਼ਨ ਜਾਂ ਇਸ ਦੇ ਆਸ-ਪਾਸ ਕੋਈ ਲਾਵਾਰਿਸ ਵਸਤੂ, ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਵੇ, ਤਾਂ ਤੁਰੰਤ ਡਿਊਟੀ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਜਾਂ ਸਟੇਸ਼ਨ ਪ੍ਰਬੰਧਕਾਂ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਅਨੁਸਾਰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਨਤਕ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੀੜ-ਭਾੜ ਵਾਲੇ ਬਾਜ਼ਾਰਾਂ ਵਿਚ ਅਜਿਹੀਆਂ ਸਰਪ੍ਰਾਈਜ਼ ਚੈਕਿੰਗਾਂ ਜਾਰੀ ਰਹਿਣਗੀਆਂ।