ਵਿੱਦਿਅਕ ਸੰਸਥਾਵਾਂ ’ਚ ਵੋਟਰ ਰਜਿਸਟ੍ਰੇਸ਼ਨ ਲਈ ਲਾਏ ਜਾਣਗੇ ਵਿਸ਼ੇਸ਼ ਕੈਂਪ ਵੱਖ-ਵੱਖ ਵਿੱਦਿਅਕ ਸੰਸਥਾਵਾਂ ’ਚ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ
Publish Date: Wed, 16 Sep 2026 06:55 PM (IST)
Updated Date: Thu, 17 Sep 2026 04:03 AM (IST)
ਫੋਟੋ ਕੈਪਸ਼ਨ: ਯੋਗ ਵੋਟਰਾਂ ਦੇ ਫ਼ਾਰਮ ਜਮ੍ਹਾਂ ਕਰਵਾਉਂਦੇ ਹੋਏ ਸਰਕਾਰੀ ਕਾਲਜ ਦੇ ਅਧਿਕਾਰੀ। 16ਪੀ * ਨੌਜਵਾਨਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਯਤਨ ਤੇਜ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ’ਚ ਯੋਗ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ’ਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਨੌਜਵਾਨਾਂ ਨੂੰ ਵੋਟਰ ਸੂਚੀਆਂ ’ਚ ਦਰਜ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਆਪੋ-ਆਪਣੇ ਅਦਾਰਿਆਂ ’ਚ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰੀ ਕਾਲਜ ਫੇਜ਼-6 ਦੇ ਅਧਿਕਾਰੀ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਯੋਗ ਵੋਟਰਾਂ ਦੇ ਫ਼ਾਰਮ ਨੰ. 6 ਜਮ੍ਹਾਂ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ/ਡਾਇਰੈਕਟਰਾਂ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸੰਸਥਾ ’ਚ ਪੜ੍ਹ ਰਹੇ ਸਾਰੇ ਯੋਗ ਵਿਦਿਆਰਥੀਆਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਈ ਜਾਵੇ। ਇਸ ਸਬੰਧੀ ਸੰਸਥਾ ਦੇ ਮੁਖੀ ਵੱਲੋਂ ਯੋਗ ਵਿਦਿਆਰਥੀਆਂ ਦੀ ਵੋਟਰ ਰਜਿਸਟ੍ਰੇਸ਼ਨ ਮੁਕੰਮਲ ਹੋਣ ਸਬੰਧੀ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਸਰਕਾਰੀ ਕਾਲਜ, ਫੇਜ਼-6 ਵਿਖੇ ਕਾਲਜ ਦੀ ਪ੍ਰਿੰਸੀਪਲ ਪ੍ਰੋ. ਜਸਪ੍ਰੀਤ ਕੌਰ ਬੈਂਸ ਤੇ ਨੋਡਲ ਅਫ਼ਸਰ ਸਵੀਪ ਡਾ. ਸਿਮਰਪ੍ਰੀਤ ਕੌਰ ਦੀ ਪ੍ਰੇਰਣਾ ਸਦਕਾ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਗਈ। ਇਸ ਦੌਰਾਨ 127 ਨਵੇਂ ਯੋਗ ਵਿਦਿਆਰਥੀਆਂ ਵੱਲੋਂ ਵੋਟਰ ਰਜਿਸਟ੍ਰੇਸ਼ਨ ਲਈ ਫਾਰਮ ਭਰੇ ਗਏ, ਜੋ ਅਗਲੀ ਲੋੜੀਂਦੀ ਕਾਰਵਾਈ ਲਈ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੇ ਗਏ ਹਨ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਚੋਣ ਕਾਨੂੰਨਗੋ ਸ੍ਰੀ ਸੁਰਿੰਦਰ ਬੱਤਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖ਼ਸ਼ੀ ਸਿੰਘ ਅੰਟਾਲ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ ਤੇ ਅਜੇ ਤੱਕ ਉਨ੍ਹਾਂ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਯੋਗ ਨੌਜਵਾਨ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਵੋਟਰ ਸੇਵਾ ਮਾਧਿਅਮ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ voters.gov.in ਪੋਰਟਲ ਰਾਹੀਂ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟਰ ਅਧਿਕਾਰ ਦੀ ਵਰਤੋਂ ਲਈ ਸਮੇਂ ਸਿਰ ਵੋਟਰ ਸੂਚੀ ’ਚ ਆਪਣਾ ਨਾਮ ਦਰਜ ਕਰਵਾਉਣ ਤੇ ਹੋਰਨਾਂ ਯੋਗ ਨੌਜਵਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ।