191 ਦੇਸ਼ਾਂ ਦੀ ਸਾਈਕਲ ਯਾਤਰਾ ਕਰ ਚੁੱਕੇ ਦੇਬਨਾਥ ਪੁੱਜੇ ਚੰਡੀਗੜ੍ਹ 191 ਦੇਸ਼ਾਂ ਦੀ ਸਾਈਕਲ ਯਾਤਰਾ ਕਰ ਚੁੱਕੇ ਸੋਮੇਨ ਦੇਬਨਾਥ ਪਹੁੰਚੇ ਚੰਡੀਗੜ੍ਹ,
Publish Date: Thu, 10 Sep 2026 09:05 PM (IST)
Updated Date: Thu, 10 Sep 2026 09:07 PM (IST)
ਦੇਸ਼ ਭਰ ’ਚ ਸਾਈਕਲ ਮੁਹਿੰਮ ਤਹਿਤ ਸਾਰੇ 28 ਸੂਬਿਆਂ ਤੇ ਪੰਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਕਰਨਗੇ ਦੌਰਾ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਵਾਤਾਵਰਨ ਸੰਭਾਲ, ਰਾਸ਼ਟਰੀ ਏਕਤਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸੰਦੇਸ਼ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾ ਚੁੱਕੇ ਸਾਈਕਲਿਸਟ ਅਤੇ ਸਮਾਜਿਕ ਕਾਰਕੁਨ ਸੋਮੇਨ ਦੇਬਨਾਥ ਵੀਰਵਾਰ ਨੂੰ ਚੰਡੀਗੜ੍ਹ ਪੁੱਜੇ। ਉਹ ਸਾਲ ਭਰ ਚੱਲਣ ਵਾਲੀ ਆਪਣੀ ਦੇਸ਼ਵਿਆਪੀ ਸਾਈਕਲ ਮੁਹਿੰਮ ‘ਰੀਯੂਨੀਅਨ ਭਾਰਤ-ਵਨ ਟ੍ਰੀ, ਵਨ ਲਾਈਫ, ਇੰਡੀਅਨ ਯੂਥ ਐਂਡ ਸਪੋਰਟਸ’ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਇਸ ਮੁਹਿੰਮ ਦੌਰਾਨ ਉਹ ਦੇਸ਼ ਦੇ ਸਾਰੇ 28 ਸੂਬਿਆਂ ਅਤੇ ਪੰਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਈਕਲ ਰਾਹੀਂ ਕਵਰ ਕਰਨਗੇ। ਸੋਮੇਨ ਦੇਬਨਾਥ ਦੀ ਇਹ ਮੁਹਿੰਮ ਰਾਸ਼ਟਰੀ ਏਕਤਾ, ਵਾਤਾਵਰਣ ਸੰਭਾਲ, ਨੌਜਵਾਨਾਂ ਦੇ ਸਸ਼ਕਤੀਕਰਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਰਿਤ ਹੈ। ਇਸ ਰਾਹੀਂ ਉਹ ਲੋਕਾਂ ਨੂੰ ‘ਇੱਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਜੋੜਨ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦੇ ਰਹੇ ਹਨ। ਦੇਬਨਾਥ ਇਸ ਤੋਂ ਪਹਿਲਾਂ 19 ਸਾਲਾਂ ਵਿੱਚ ਦੁਨੀਆ ਦੇ ਸੱਤਾਂ ਮਹਾਂਦੀਪਾਂ ਦੇ 191 ਦੇਸ਼ਾਂ ਦੀ ਸਾਈਕਲ ਯਾਤਰਾ ਕਰਕੇ ਮਹੱਤਵਪੂਰਨ ਉਪਲਬਧੀ ਹਾਸਲ ਕਰ ਚੁੱਕੇ ਹਨ। ਆਪਣੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਭਾਰਤ ਦੀ ਅਮੀਰ ਵਿਰਾਸਤ, ਸੱਭਿਆਚਾਰਕ ਵਿਭਿੰਨਤਾ ਅਤੇ ਦੇਸ਼ ਦੇ ਸਕਾਰਾਤਮਕ ਅਕਸ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ। ਚੰਡੀਗੜ੍ਹ ਪ੍ਰਵਾਸ ਦੌਰਾਨ ਉਨ੍ਹਾਂ ਨੇ ਮੇਅਰ ਸੌਰਭ ਜੋਸ਼ੀ, ਵਿੱਤ ਸਕੱਤਰ ਦੀਪ੍ਰਵਾ ਲਾਕਰਾ, ਵਾਤਾਵਰਣ ਨਿਰਦੇਸ਼ਕ ਸੌਰਭ ਕੁਮਾਰ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਅਤੇ ਪਤਵੰਤੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਸ਼ਹਿਰ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਦੇਬਨਾਥ ਨੇ ਵੱਧ ਤੋਂ ਵੱਧ ਪੌਦੇ ਲਗਾਉਣ, ਵਾਤਾਵਰਣ ਦੀ ਸੰਭਾਲ ਨੂੰ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਅਤੇ ਟਿਕਾਊ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ।