ਕ੍ਰਿਕਟ ਮੈਚਾਂ ’ਤੇ ਸੱਟਾ ਲਾਉਣ ਵਾਲਾ 6 ਮੈਂਬਰੀ ਬੁੱਕੀ ਗਿਰੋਹ ਕਾਬੂ ਕ੍ਰਿਕਟ ਮੈਚਾਂ ’ਤੇ ਸੱਟਾ ਲਾਉਣ ਵਾਲਾ 6 ਮੈਂਬਰੀ ਬੁੱਕੀ ਗਿਰੋਹ ਕਾਬੂ,,
Publish Date: Thu, 08 Oct 2026 06:25 PM (IST)
Updated Date: Thu, 08 Oct 2026 06:26 PM (IST)
-ਗਿਰੋਹ ਤੋਂ ਫੋਨ, ਲੈਪਟਾਪ, ਨਕਦੀ ਤੇ 60 ਏਟੀਐੱਮ ਕਾਰਡ ਬਰਾਮਦ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਪੁਲਿਸ ਥਾਣਾ ਸਦਰ ਖਰੜ ਦੀ ਪੁਲਿਸ ਨੇ ਜੇਟੀਪੀਐੱਲ ਦੇ ਇਕ ਫਲੈਟ ਵਿਚ ਕ੍ਰਿਕਟ ਦੇ ਮੈਚਾਂ ’ਤੇ ਸੱਟਾ ਲਗਾਕੇ ਲੋਕਾਂ ਨਾਲ ਠੱਗੀ ਕਰਨ ਵਾਲੇ 6 ਮੈਂਬਰੀ ਬੁੱਕੀ ਗਿਰੋਹ ਨੂੰ ਕਾਬੂ ਕਰ ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਕਾਬੂ ਕੀਤੇ ਗਿਰੋਹ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਥਾਣਾ ਸਦਰ ਖਰੜ ਦੇ ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਤੇ ਥਾਣੇਦਾਰ ਚਮਕੌਰ ਸਿੰਘ ਨੂੰ ਮੁਖ਼ਬਰ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਜੇਟੀਪੀਐੱਲ ਕਾਲੋਨੀ ਦੇ ਇਕ ਫਲੈਟ ਵਿਚ ਰਹਿੰਦੇ ਰਾਜਸਥਾਨ ਦੇ ਨੌਜਵਾਨ ਕ੍ਰਿਕਟ ਦੇ ਮੈਚਾਂ ’ਤੇ ਸੱਟਾ ਲਗਾਉਂਦੇ ਹਨ, ਜਦੋਂ ਉਨ੍ਹਾਂ ਦੀ ਟੀਮ ਵੱਲੋਂ ਉਕਤ ਫਲੈਟ ਵਿਚ ਛਾਪਾ ਮਾਰਿਆ ਗਿਆ ਤਾਂ ਉਥੋਂ ਵਿਜੈ ਕੁਮਾਰ ਪੁੱਤਰ ਗਿਰਧਾਰੀ ਲਾਲ, ਜਤਿੰਦਰ ਸਿੰਘ ਪੁੱਤਰ ਤੇਜਰਾਮ, ਰਾਹੁਲ ਪੁੱਤਰ ਓਮਪ੍ਰਕਾਸ਼, ਅਨੁਜ ਸ਼ਰਮਾ ਪੁੱਤਰ ਵਿਜੈ ਕੁਮਾਰ, ਆਰੀਅਨ ਪੁੱਤਰ ਲੋਕੇਸ਼ ਕੁਮਾਰ ਅਤੇ ਕੈਲਾਸ਼ ਚੰਦ ਪੁੱਤਰ ਰਾਮਦੇਵ ਵਰਮਾ ਵਾਸੀਆਨ ਸਾਰੇ ਰਾਜਸਥਾਨ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੱਟਾ ਗਿਰੋਹ ਦੇ ਸਾਰੇ ਮੈਂਬਰਾਂ ਤੋਂ ਜਦੋਂ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੇ ਫਲੈਟ ਵਿਚੋਂ ਪੁਲਿਸ ਨੂੰ 34 ਮੋਬਾਈਲ ਫੋਨ, 6 ਲੈਪਟਾਪ, 60 ਏਟੀਐੱਮ ਕਾਰਡ ਤੇ ਕਰੈਡਿਟ ਕਾਰਡ, 12 ਬੋਤਲਾਂ ਨਾਜਾਇਜ਼ ਸ਼ਰਾਬ, 4 ਹਜ਼ਾਰ ਰੁਪਏ ਨਕਦੀ ਸਮੇਤ ਇਕ ਸਵਿਫਟ ਗੱਡੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਜੋਕਿ ਇਕ ਆਨਲਾਈਨ ਐੱਪ ਰਾਹੀਂ ਲੋਕਾਂ ਨੂੰ ਵੱਧ ਪੈਸੇ ਕਮਾਉਣ ਦਾ ਲਾਲਚ ਦੇ ਕੇ ਗੁੰਮਰਾਹ ਕਰਦਾ ਸੀ ਅਤੇ ਐੱਪ ਜ਼ਰੀਏ ਹੀ ਆਨਲਾਈਨ ਲਿੰਕ ਭੇਜਕੇ ਪੈਸੇ ਇਸ ਸੱਟੇ ਦੇ ਧੰਦੇ ਵਿਚ ਲਗਵਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ 60 ਏਟੀਐੱਮ ਕਾਰਡ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਜੂਆ ਐਕਟ ਦੀ ਧਾਰਾ 13ਏ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਮਾਮਲਾ ਦਰਜ ਕਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਉਕਤ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ।