ਬਾਈਕ ਸਵਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਛੇ ਵਿਅਕਤੀ ਨਾਮਜ਼ਦ
ਬਾਈਕ ਸਵਾਰ ਦੀ ਮਾਰਕੁੱਟ ਕਰਨ ਦੇ ਦੋਸ਼ ਹੇਠ ਛੇ ਵਿਅਕਤੀ ਨਾਮਜ਼ਦ
Publish Date: Mon, 16 Feb 2026 08:53 PM (IST)
Updated Date: Mon, 16 Feb 2026 08:57 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਮਹਿਮਦਪੁਰ ਦੇ ਵਸਨੀਕ ਇਕ ਮੋਟਰਸਾਈਕਲ ਸਵਾਰ ਦੀ ਛੇ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਅਨਸਾਰ ਪੁਲਿਸ ਨੂੰ ਦਿੱਤੇ ਬਿਆਨ ਵਿਚ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਮਹਿਮਦਪੁਰ ਦਾ ਰਹਿਣ ਵਾਲਾ ਹੈ। ਬੀਤੀ ਸ਼ਮ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੇਰਾਬੱਸੀ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਮਹਿਮਦਪੁਰ ਸਕੂਲ ਨੇੜੇ ਮਨਦੀਪ ਸਿੰਘ ਪੁੱਤਰ ਮਾਨ ਵਾਸੀ ਪਿੰਡ ਗੁਲਾਬਗੜ੍ਹ ਆਪਣੇ 2-3 ਹੋਰ ਅਣਪਛਾਤੇ ਵਿਅਕਤੀਆਂ ਨਾਲ ਥਾਰ ਗੱਡੀ ਵਿਚ ਆਇਆ, ਜਿਨ੍ਹਾਂ ਉਸ ਨੂੰ ਅੱਗੇ ਹੋ ਕੇ ਰੋਕ ਲਿਆ ਤੇ ਗਾਲੀ-ਗਲੋਚ ਕੀਤੀ ਤੇ ਮਿਲ ਕੇ ਉਸ ਦੀ ਕੁੱਟਮਾਰ ਕਰ ਕੇ ਫ਼ਰਾਰ ਹੋ ਗਏ। ਇਸ ਲੜਾਈ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਇਹ ਵਿਅਕਤੀ ਉਸ ਦੇ ਚਾਚੇ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਨੂੰ ਰੋਕਿਆ ਤਾਂ ਇਸ ਨੇ ਅਣਪਛਾਤੇ ਵਿਅਕਤੀਆਂ ਨੂੰ ਲਿਆ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ’ਚ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨ ’ਤੇ ਮਨਦੀਪ ਸਿੰਘ ਸਮੇਤ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 115(2), 126(2), 351(2), 74, 78, 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਫ਼ਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।