ਈਸਾਪੁਰ-ਭਾਂਖਰਪੁਰ ਰੋਡ ’ਤੇ ਨਾੜ ਨੂੰ ਅੱਗ ਲੱਗਣ ਕਾਰਨ ਹਾਲਾਤ ਹੋਰ ਗੰਭੀਰ ਈਸਾਪੁਰ-ਭਾਂਖਰਪੁਰ ਰੋਡ 'ਤੇ ਝੋਨੇ ਦੇ ਨਾੜ ਨੂੰ ਅੱਗ ਲੱਗਣ ਕਾਰਨ ਹਾਲਾਤ ਹੋਰ ਗੰਭੀਰ
Publish Date: Sun, 11 Oct 2026 06:12 PM (IST)
Updated Date: Sun, 11 Oct 2026 06:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਡੇਰਾਬੱਸੀ ਦੇ ਅਧੀਨ ਆਉਂਦੇ ਈਸਾਪੁਰ-ਭਾਂਖਰਪੁਰ ਰੋਡ ਦਾ ਹੈ, ਜਿੱਥੇ ਖੇਤਾਂ ਵਿਚ ਝੋਨੇ ਦੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਇਸ ਕਾਰਨ ਇਲਾਕੇ ਵਿਚ ਭਾਰੀ ਧੂੰਆਂ ਫੈਲ ਗਿਆ ਅਤੇ ਆਸ-ਪਾਸ ਦੇ ਲੋਕਾਂ ਨੂੰ ਸਾਹ ਲੈਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਦੇ ਇਸ ਧੂੰਏਂ ਨੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ, ਜਿਸ ਨਾਲ ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਦੀਆਂ ਅੱਖਾਂ ਵਿਚ ਜਲਣ ਅਤੇ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਡੇਰਾਬੱਸੀ ਖੇਤਰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਇਲਾਕੇ ’ਚ ਸਥਿਤ ਕੈਮੀਕਲ ਫੈਕਟਰੀਆਂ, ਇੱਟਾਂ ਦੇ ਭੱਠਿਆਂ ਅਤੇ ਹੋਰ ਉਦਯੋਗਾਂ ਵੱਲੋਂ ਛੱਡੇ ਜਾਂਦੇ ਜ਼ਹਿਰੀਲੇ ਧੂੰਏਂ ਅਤੇ ਦੂਸ਼ਿਤ ਪਾਣੀ ਦੀ ਮਾਰ ਇੱਥੋਂ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਝੱਲ ਰਹੇ ਹਨ। ਇੰਡਸਟਰੀਅਲ ਪ੍ਰਦੂਸ਼ਣ ਕਾਰਨ ਇੱਥੋਂ ਦੀ ਹਵਾ ਅਤੇ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕਾ ਹੈ। ਹੁਣ ਖੇਤਾਂ ਵਿਚ ਝੋਨੇ ਦੇ ਨਾੜ ਨੂੰ ਅੱਗ ਲੱਗਣ ਕਾਰਨ ਸਮੱਸਿਆ ਨੂੰ ਹੋਰ ਵੀ ਭਿਆਨਕ ਰੂਪ ਦੇ ਦਿੱਤਾ ਹੈ, ਜਿਸ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਇਸ ਸਭ ਦੇ ਬਾਵਜੂਦ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੂਰੀ ਤਰ੍ਹਾਂ ਚੁੱਪ ਧਾਰੀ ਬੈਠੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਫੈਕਟਰੀਆਂ ਅਤੇ ਭੱਠਿਆਂ ਦੇ ਗ਼ੈਰ-ਕਾਨੂੰਨੀ ਨਿਕਾਸ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਨਾ ਹੀ ਨਾੜ ਸਾੜਨ ਵਾਲੇ ਕਿਸਾਨਾਂ ਨੂੰ ਰੋਕਣ ਲਈ ਜ਼ਮੀਨੀ ਪੱਧਰ ਤੇ ਕੋਈ ਠੋਸ ਕਦਮ ਉਠਾਏ ਜਾ ਰਹੇ ਹਨ। ਸਥਾਨਕ ਨਿਵਾਸੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ। ਨਾੜ ਨੂੰ ਅੱਗ ਲਗਾਉਣ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਦਯੋਗਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਡੇਰਾਬੱਸੀ ਦੇ ਲੋਕਾਂ ਨੂੰ ਪ੍ਰਦੂਸ਼ਣ ਦੇ ਕਹਿਰ ਤੋਂ ਬਚਾਇਆ ਜਾ ਸਕੇ।