ਐਸਆਈਆਰ-2026 : ਰੋਲ ਆਬਜ਼ਰਵਰ ਮੁਹੰਮਦ ਤਾਇਬ ਨੇ ਮੁਹਾਲੀ ’ਚ ਪ੍ਰਗਤੀ ਦਾ ਲਿਆ ਜਾਇਜ਼ਾ ਐਸਆਈਆਰ-2026: ਰੋਲ ਆਬਜ਼ਰਵਰ ਮੁਹੰਮਦ ਤਾਇਬ ਨੇ ਮੁਹਾਲੀ ’ਚ ਪ੍ਰਗਤੀ ਦਾ ਲਿਆ ਜਾਇਜ਼ਾ
Publish Date: Sun, 06 Sep 2026 07:16 PM (IST)
Updated Date: Mon, 07 Sep 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ-2026 ਲਈ ਨਿਯੁਕਤ ਰੋਲ ਆਬਜ਼ਰਵਰ ਮੁਹੰਮਦ ਤਾਇਬ ਨੇ ਐਤਵਾਰ ਨੂੰ ਮੁਹਾਲੀ ਜ਼ਿਲ੍ਹੇ ਦਾ ਦੌਰਾ ਕਰ ਕੇ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਨਟੈਂਸਿਵ ਰਿਵੀਜ਼ਨ)-2026 ਤਹਿਤ ਚੱਲ ਰਹੀ ਪ੍ਰਕਿਰਿਆ, ਖਾਸ ਕਰ ਕੇ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਦਾਖ਼ਲ ਕਰਨ ਤੇ ਨਿਪਟਾਰੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਨਿਰੀਖਣ ਕਰਦਿਆਂ ਵੋਟਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਵਿਖੇ ਤਿੰਨ ਪੋਲਿੰਗ ਬੂਥਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ, ਮੁੰਡੀ ਖਰੜ ਤੇ ਸਰਕਾਰੀ ਹਾਈ ਸਕੂਲ, ਦੇਸੂਮਾਜਰਾ ਦੇ ਪੋਲਿੰਗ ਬੂਥਾਂ ਦਾ ਵੀ ਦੌਰਾ ਕੀਤਾ। ਪੋਲਿੰਗ ਬੂਥਾਂ ’ਤੇ ਮੌਜੂਦ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਤਾਇਬ ਨੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਸੂਚੀ ’ਚ ਵੇਰਵਿਆਂ ਦੀ ਸੋਧ ਤੇ ਵੋਟਰਾਂ ਦੇ ਪਤੇ ਬਦਲਣ/ਸ਼ਿਫ਼ਟਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਰੋਲ ਆਬਜ਼ਰਵਰ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਐਸਆਈਆਰ-2026 ਤਹਿਤ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ, ਨੋਟਿਸ ਪੜਾਅ, ਜਨਤਕ ਸੁਣਵਾਈ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਸਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬੂਥ ਲੈਵਲ ਏਜੰਟਾਂ ਨਾਲ ਵੀ ਮੀਟਿੰਗ ਕੀਤੀ ਅਤੇ ਫੀਡਬੈਕ ਲਈ। ਇਸ ਮੌਕੇ ਏਡੀਸੀ (ਜ) ਗੀਤਿਕਾ ਸਿੰਘ, ਐਸਡੀਐਮ ਦਮਨਦੀਪ ਕੌਰ, ਐਸਡੀਐਮ ਖਰੜ ਗੁਰਮੀਤ ਸਿੰਘ, ਤਹਿਸੀਲਦਾਰ ਹਰਮਿੰਦਰ ਸਿੰਘ ਘੋਲੀਆ, ਤਹਿਸੀਲਦਾਰ (ਚੋਣਾਂ) ਹਰਪ੍ਰੀਤ ਕੌਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਮੌਜੂਦ ਸਨ। ===== ਨੌਜਵਾਨਾਂ/ਨਾਗਰਿਕਾਂ ਨੂੰ ਆਪਣਾ ਨਾਮ ਵੋਟਰ ਵਜੋਂ ਦਰਜ ਕਰਵਾਉਣ ਦੀ ਅਪੀਲ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ/ਨਾਗਰਿਕਾਂ ਨੂੰ ਆਪਣਾ ਨਾਮ ਵੋਟਰ ਵਜੋਂ ਦਰਜ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੀਐਲਓਜ਼ ਵੱਲੋਂ ਪੋਲਿੰਗ ਬੂਥਾਂ ’ਤੇ ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰ ਸੂਚੀ ਨਾਲ ਸਬੰਧਤ ਹੋਰ ਸੇਵਾਵਾਂ ਲਈ ਨਾਗਰਿਕਾਂ ਦੀ ਸਹਾਇਤਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਸਆਈਆਰ-2026 ਤਹਿਤ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ, ਜਦਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਹੈ।