ਐਸਆਈਆਰ-2026: ਸਿਆਸੀ ਪਾਰਟੀਆਂ ਨੂੰ ਸੌਂਪੀਆਂ ਅੰਤਿਮ ਵੋਟਰ ਸੂਚੀਆਂ ਐਸਆਈਆਰ-2026: ਸਿਆਸੀ ਪਾਰਟੀਆਂ ਨੂੰ ਸੌਂਪੀਆਂ ਅੰਤਿਮ ਵੋਟਰ ਸੂਚੀਆਂ
Publish Date: Mon, 12 Oct 2026 07:39 PM (IST)
Updated Date: Mon, 12 Oct 2026 07:41 PM (IST)
- ਡੀਸੀ ਵੱਲੋਂ ਰੋਲ ਆਬਜ਼ਰਵਰ ਦੀ ਮੌਜੂਦਗੀ ’ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ - ਆਮ ਲੋਕਾਂ ਦੇ ਦੇਖਣ ਲਈ ਵੋਟਰ ਸੂਚੀਆਂ ਬੀਐਲਓਜ਼ ਤੇ ਜ਼ਿਲ੍ਹਾ ਚੋਣ ਦਫ਼ਤਰ ’ਚ ਉਪਲਬਧ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਕੋਮਲ ਮਿੱਤਲ ਨੇ ਸੋਮਵਾਰ ਨੂੰ ਰੋਲ ਆਬਜ਼ਰਵਰ ਮੁਹੰਮਦ ਤਾਇਅਬ ਦੀ ਮੌਜੂਦਗੀ ’ਚ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਨੂੰ ਦੱਸਿਆ ਕਿ ਯੋਗਤਾ 1 ਅਕਤੂਬਰ 2026 ਦੇ ਆਧਾਰ ਤੇ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਆਮ ਲੋਕਾਂ ਵੱਲੋਂ ਦਾਅਵੇ ਤੇ ਇਤਰਾਜ਼ ਬੀਤੀ 12 ਸਤੰਬਰ ਤੱਕ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਦਾ ਨਿਪਟਾਰਾ ਬੀਤੀ 8 ਅਕਤੂਬਰ ਨੂੰ ਕਰਨ ਉਪਰੰਤ ਅੱਜ ਮੁਹਾਲੀ ਸਮੇਤ ਖਰੜ ਅਤੇ ਡੇਰਾਬੱਸੀ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵੋਟਰ ਸੂਚੀਆਂ ਦੀ ਅਤਿੰਮ ਪ੍ਰਕਾਸ਼ਨਾ ਕੀਤੀ ਗਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਅੰਤਿਮ ਪ੍ਰਕਾਸ਼ਨਾਂ ਉਪਰੰਤ ਵਿਧਾਨ ਸਭਾ ਚੋਣ ਮੁਹਾਲੀ ਵਿਚ ਕੁੱਲ ਵੋਟਰਾਂ ਦੀ ਗਿਣਤੀ 202010, ਖਰੜ ਦੇ ਕੁੱਲ ਵੋਟਰਾਂ ਦੀ ਗਿਣਤੀ 265702 ਅਤੇ ਡੇਰਾਬੱਸੀ ਦੇ ਕੁੱਲ ਵੋਟਰਾਂ ਦੀ ਗਿਣਤੀ 279857 ਹੈ। ਜ਼ਿਲ੍ਹਾ ਮੁਹਾਲੀ ਦੇ ਕੁੱਲ ਵੋਟਰਾਂ ਦੀ ਗਿਣਤੀ 747569 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਨਾਗਿਰਕਾਂ ਦੇ ਦੇਖਣ ਲਈ ਇਹ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਸਮੇਤ ਸਬੰਧਤ ਬੀਐੱਲਓ, ਚੋਣਕਾਰ ਰਜਿਸ਼ਟਰੇਸ਼ਨ ਅਫ਼ਸਰ ਖਰੜ ਅਤੇ ਡੇਰਾਬੱਸੀ ’ਚ ਵੋਟਰਾਂ ਦੇ ਦੇਖਣ ਲਈ ਉਪਲਬਧ ਰਹਿਣਗੀਆਂ। ਵੋਟਰ ਸੂਚੀ ਦੀ ਪ੍ਰਕਾਸ਼ਨਾ ਦੌਰਾਨ ਫੋਟੋ ਵੋਟਰ ਸੂਚੀਆਂ ਦੀ 1-1 ਹਾਰਡ ਕਾਪੀ ਅਤੇ ਬਿਨਾਂ ਫੋਟੋ ਤੋਂ 1-1 ਸੀਡੀ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪਲਾਈ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਅਜੇ ਵੀ ਕਿਸੇ ਵਿਅਕਤੀ ਦੀ ਵੋਟ ਬਣਨ ਤੋਂ ਰਹਿੰਦੀ ਹੈ ਤਾਂ ਉਹ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਆਪਣਾ ਫਾਰਮ ਨੰ. 6 ਸਬੰਧਤ ਬੀਐੱਲਓ ਜਾਂ ਚੋਣਕਾਰ ਰਜਿਸ਼ਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਆਨਲਾਈਨ ਪੋਰਟਲ ’ਤੇ ਭਰ ਸਕਦਾ ਹੈ। ਮੀਟਿੰਗ ਵਿਚ ‘ਆਪ’ ਆਗੂ ਬਹਾਦਰ ਸਿੰਘ ਚਾਹਲ ਤੇ ਅਕਵਿੰਦਰ ਸਿੰਘ ਗੌਸਲ, ਅਕਾਲੀ ਦਲ ਦੇ ਭਰਪੂਰ ਭਾਰਤੀ, ਕਾਂਗਰਸ ਦੇ ਨਵਤੇਜ ਨਵੀ ਤੇ ਬਲਜਿੰਦਰ ਸ਼ਰਮਾ, ਭਾਜਪਾ ਦੇ ਅਨੀਲ ਕੁਮਾਰ, ਬਸਪਾ ਦੇ ਸੁਖਦੇਵ ਸਿੰਘ ਚੱਪੜਚਿੜੀ ਸਮੇਤ ਤਹਿਸੀਲਦਾਰ (ਚੋਣਾਂ) ਸ੍ਰੀਮਤੀ ਹਰਪ੍ਰੀਤ ਕੌਰ, ਸੁਰਿੰਦਰ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।