ਪੰਜਾਬ ਨੇ ਐੱਸਆਈਆਰ ਦਾ 100 ਫ਼ੀਸਦੀ ਟੀਚਾ ਕੀਤਾ ਪੂਰਾ, 879 ਨਵੇਂ ਪੋਲਿੰਗ ਬੂਥ ਬਣਨਗੇ ਪੰਜਾਬ ਨੇ ਐੱਸ.ਆਈ.ਆਰ ਦਾ 100 ਫ਼ੀਸਦੀ ਟੀਚਾ ਕੀਤਾ ਪੂਰਾ, 879 ਬਣਨਗੇ ਨਵੇਂ ਪੋਲਿੰਗ ਬੂਥ
Publish Date: Mon, 03 Aug 2026 08:09 PM (IST)
Updated Date: Mon, 03 Aug 2026 08:10 PM (IST)
9.65 ਫ਼ੀਸਦੀ ਵੋਟਰਾਂ ਨਾਲ ਨਹੀਂ ਹੋ ਸਕਿਆ ਸੰਪਰਕ 90.35 ਫ਼ੀਸਦੀ ਵੋਟਰਾਂ ਦੀ ਹੋਈ ਤਸਦੀਕ ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਦਾ ਕੰਮ 100 ਫ਼ੀਸਦੀ ਪੂਰਾ ਕਰ ਲਿਆ ਹੈ। ਲੁਧਿਆਣਾ, ਮੋਹਾਲੀ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਵਿਧਾਨ ਸਭਾ ਹਲਕਿਆਂ ਵਿਚ 15 ਫ਼ੀਸਦੀ ਤੱਕ ਮ੍ਰਿਤਕਾਂ, ਦੋਹਰੀ ਵੋਟ ਤੇ ਸਥਾਨ ਬਦਲ ਚੁੱਕੇ ਵੋਟਰਾਂ ਦੀ ਪਛਾਣ ਕੀਤੀ ਗਈ ਹੈ, ਜਦਕਿ ਸੂਬੇ ਦੇ ਬਾਕੀ ਵਿਧਾਨ ਸਭਾ ਹਲਕਿਆਂ ਵਿਚ ਇਹ ਅੰਕੜਾ 9.65 ਫ਼ੀਸਦੀ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ਵਿਚ 879 ਨਵੇਂ ਪੋਲਿੰਗ ਬੂਥ ਬਣਾਏ ਜਾਣਗੇ। ਇਹੀ ਨਹੀਂ, 25 ਫ਼ੀਸਦੀ ਦੇ ਕਰੀਬ ਪੋਲਿੰਗ ਬੂਥ ਹਟਾਏ ਵੀ ਗਏ ਹਨ। ਸੂਬੇ ਵਿਚ 2,14,61,043 ਵੋਟਰ ਹਨ, ਜਿਨ੍ਹਾਂ ਦੀ ਮੈਪਿੰਗ ਕਰਨ ਲਈ ਬੀਐੱਲਓ ਨੇ ਘਰ-ਘਰ ਜਾ ਕੇ ਤਸਦੀਕ ਕੀਤੀ ਹੈ। ਬੰਗਾਲ ਵਿਚ ਐੱਸਆਈਆਰ ਹੋਣ ਤੋਂ ਬਾਅਦ ਸੂਬੇ ਦੇ ਲੋਕਾਂ ਵਿਚ ਵੱਡੇ ਪੱਧਰ ’ਤੇ ਵੋਟਾਂ ਕੱਟੇ ਜਾਣ ਦਾ ਖ਼ਦਸ਼ਾ ਸੀ। ਲੋਕ ਮਨਾਂ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਸੂਬੇ ਵਿਚ ਵੀ ਵੱਡੇ ਪੱਧਰ ’ਤੇ ਮੈਪਿੰਗ ਨਾ ਹੋਣ ’ਤੇ ਵੋਟਾਂ ਕੱਟੀਆਂ ਜਾ ਸਕਦੀਆਂ ਹਨ। ਜੇਕਰ ਗੁਆਂਢੀ ਸੂਬਿਆਂ ਦੀ ਐੱਸਆਈਆਰ ’ਤੇ ਨਜ਼ਰ ਮਾਰੀ ਜਾਵੇ ਤਾਂ ਉੱਤਰ ਪ੍ਰਦੇਸ਼ ਨੇ 18.72 ਫ਼ੀਸਦੀ, ਤਾਮਿਲਨਾਡੂ ਨੇ 15.46 ਫ਼ੀਸਦੀ, ਉੱਤਰਾਖੰਡ ਨੇ 10.80 ਫ਼ੀਸਦੀ, ਹਰਿਆਣਾ ਨੇ 16.50 ਫ਼ੀਸਦੀ, ਚੰਡੀਗੜ੍ਹ 12.7 ਫ਼ੀਸਦੀ ਤੇ ਗੁਜਰਾਤ ਨੇ 14.57 ਫ਼ੀਸਦੀ ਵੋਟਾਂ ਕੱਟੀਆਂ ਗਈਆਂ ਹਨ, ਜਦਕਿ ਪੰਜਾਬ ’ਚ ਇਹ ਅੰਕੜਾ 9.65 ਫ਼ੀਸਦੀ ਰਿਹਾ ਹੈ। ਚੋਣ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੇ 117 ਵਿਧਾਨ ਸਭਾ ਹਲਕਿਆਂ ਵਿਚ ਗਿਣਤੀ ਪ੍ਰੋਫਾਰਮਿਆਂ ਦੇ 100 ਫ਼ੀਸਦੀ ਡਿਜੀਟਲੀਕਰਨ ਦਾ ਕੰਮ ਮੁਕੰਮਲ ਕੀਤਾ ਹੈ। ਐੱਸਆਈਆਰ ਦੌਰਾਨ ਲਗਭਗ 12.95 ਲੱਖ ਵੋਟਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਡਰਾਫਟਿੰਗ ਵੋਟਰ ਸੂਚੀ ਤੋਂ ਬਾਅਦ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੀ ਮੈਪਿੰਗ ਕੀਤੀ ਜਾ ਸਕੇ। ਸੂਬੇ ਵਿਚ ਪਹਿਲਾਂ 24,453 ਪੋਲਿੰਗ ਬੂਥ ਸਨ, ਜੋ ਹੁਣ ਵਧ ਕੇ 25,332 ਹੋ ਜਾਣਗੇ। ਜ਼ਿਲ੍ਹਾਵਾਰ ਅੰਕੜਿਆਂ ਮੁਤਾਬਕ ਮਾਲੇਰਕੋਟਲਾ ਵਿਚ 5.77 ਫ਼ੀਸਦੀ, ਮਾਨਸਾ ਵਿਚ 3.70 ਫ਼ੀਸਦੀ ਤੇ ਸੰਗਰੂਰ ਵਿਚ 5.84 ਫ਼ੀਸਦੀ ਵੋਟਰ ਹਟਾਏ ਗਏ ਹਨ। ਇਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਗਈ, ਕਈਆਂ ਨੇ ਟਿਕਾਣਾ ਬਦਲ ਲਿਆ ਜਾਂ ਦੋਹਰੀ ਵੋਟ ਸੀ। ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਐੱਸਆਈਆਰ ਤਹਿਤ ਮੈਪਿੰਗ ਦਾ ਵੋਟ ਕੱਟਣ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਯੋਗ ਵੋਟਰ ਦੀ ਵੋਟ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨਾ ਹੈ, ਸਗੋਂ ਵੋਟਰ ਸੂਚੀ ਨੂੰ ਹੋਰ ਸਹੀ ਤੇ ਭਰੋਸੇਯੋਗ ਬਣਾਉਣਾ ਹੈ। ਇਸ ਪ੍ਰਕਿਰਿਆ ਤਹਿਤ ਤਬਦੀਲ ਹੋਏ ਵੋਟਰਾਂ ਦੇ ਰਿਕਾਰਡ ਅਪਡੇਟ ਕੀਤੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਰੇਲ ਕੋਚ ਫੈਕਟਰੀ, ਥਰਮਲ ਪਲਾਂਟ ਅਤੇ ਐੱਨਐੱਫਐੱਲ ਸਮੇਤ ਕਈ ਅਜਿਹੇ ਹੋਰ ਅਦਾਰੇ ਹਨ, ਜਿੱਥੇ ਵੋਟਰਾਂ ਦੇ ਸ਼ਿਫਟ ਹੋ ਜਾਣ ਕਾਰਨ ਜਾਂ ਵੋਟਰ ਘੱਟ ਹੋਣ ਕਰ ਕੇ ਪੋਲਿੰਗ ਬੂਥ ਬੰਦ ਕੀਤੇ ਗਏ ਹਨ।