ਗਮਾਡਾ ਦਫ਼ਤਰ ’ਚ ਹਾਲੇ ਵੀ ਸੰਨਾਟਾ, ਪੀੜਤ ਅਫ਼ਸਰਾਂ ਨੇ ਸਰਕਾਰ ਨੂੰ ਦੱਸੀ ਆਪਬੀਤੀ ਗਮਾਡਾ ਦਫ਼ਤਰ ’ਚ ਹਾਲੇ ਵੀ ਸਨਾਟਾ, ਪੀੜਤ ਅਫ਼ਸਰਾਂ ਨੇ ਸਰਕਾਰ ਨੂੰ ਦੱਸੀ ਆਪਬੀਤੀ
Publish Date: Fri, 25 Sep 2026 08:21 PM (IST)
Updated Date: Sat, 26 Sep 2026 04:04 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਭਾਵੇਂ ਵੀਰਵਾਰ ਨੂੰ ਲਗਭਗ ਦੁਪਹਿਰ ਦੋ ਵਜੇ ਖ਼ਤਮ ਹੋ ਗਈ ਸੀ ਪ੍ਰੰਤੂ ਕੇਂਦਰੀ ਜਾਂਚ ਏਜੰਸੀ ਦਾ ਡਰ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਗਮਾਡਾ ਦਫ਼ਤਰ ਵਿਚ ਦੇਖਣ ਨੂੰ ਮਿਲਿਆ। ਕਈ ਅਧਿਕਾਰੀ ਆਪਣੀਆਂ ਸੀਟਾਂ ’ਤੇ ਉਪਲਬਧ ਨਹੀਂ ਸਨ ਅਤੇ ਗਮਾਡਾ ਭਵਨ ’ਚ ਅਜੀਬ ਜਿਹਾ ਸਨਾਟਾ ਸੀ। ਉਂਜ ਆਪਣੇ ਕੰਮਾਂ ਕਾਰਾਂ ਲਈ ਲੋਕ ਜ਼ਰੂਰ ਆਉਂਦੇ ਜਾਂਦੇ ਦਿਖਾਈ ਦਿੱਤੇ। ਗਮਾਡਾ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਸੀਨੀਅਰ ਅਧਿਕਾਰੀਆਂ ’ਚੋਂ ਅੱਜ ਕੋਈ ਅਫ਼ਸਰ ਦਫ਼ਤਰ ਨਹੀਂ ਆਇਆ। ਉਨ੍ਹਾਂ ਨਾਲ ਸਬੰਧਤ ਸਟਾਫ਼ ਵੀ ਨਜ਼ਰ ਨਹੀਂ ਆਇਆ। ਕਲਰਕ ਤੱਕ ਦਫ਼ਤਰੋਂ ਗਾਇਬ ਸਨ। ਦੱਸਿਆ ਗਿਆ ਹੈ ਕਿ ਅਧਿਕਾਰੀ ਪੰਜਾਬ ਸਿਵਲ ਸਕੱਤਰੇਤ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਈਡੀ ਦੀ ਜਾਂਚ ਦੌਰਾਨ ਦਫ਼ਤਰ ’ਚ ਨਾਜਾਇਜ਼ ਕਥਿਤ ਬੰਦੀ ਬਣਾ ਕੇ ਰੱਖੇ ਗਏ ਗਮਾਡਾ ਦੇ ਪੀੜਤ ਅਧਿਕਾਰੀਆਂ ਨੇ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਤਿੰਨ ਦਿਨ ਜੋ ਉਨ੍ਹਾਂ ਨਾਲ ਵਾਪਰਿਆਂ ਉਨ੍ਹਾਂ ਨੇ ਸਰਕਾਰ ਨੂੰ ਵਿਸਥਾਰ ਨਾਲ ਆਪਬੀਤੀ ਦੱਸੀ। ਇਸ ਸਬੰਧੀ ਮੁੱਖ ਪ੍ਰਸ਼ਾਸਕ, ਵਧੀਕ ਮੁੱਖ ਪ੍ਰਸ਼ਾਸਕ ਅਤੇ ਭੌਂ ਪ੍ਰਾਪਤੀ ਕੁਲੈਕਟਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸੇ ਅਧਿਕਾਰੀ ਫੋਨ ਨਹੀਂ ਚੁੱਕਿਆ। ਹਾਲਾਂਕਿ ਰੀਅਲ ਅਸਟੇਟ ਦੇ ਵੱਡੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦੀ ਮਨਸ਼ਾ ਨਾਲ ਜ਼ਮੀਨ ਦੀ ਵਰਤੋਂ ਤਬਦੀਲੀ (ਸੀਐਲਯੂ) ਦੀਆਂ ਮਨਜ਼ੂਰੀਆਂ ਦੇਣ ’ਚ ਕਥਿਤ ਘੁਟਾਲੇ ਦੀ ਜਾਂਚ ਈਡੀ ਵੱਲੋਂ ਪਹਿਲਾਂ ਹੀ ਕੀਤੀ ਜਾ ਰਹੀ ਸੀ ਲੇਕਿਨ ਹੁਣ ਅਚਾਨਕ ਈਡੀ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮੁੱਢਲੀ ਜਾਂਚ ਦੌਰਾਨ ਗਮਾਡਾ ’ਚ ਵੱਡੇ ਪੱਧਰ ਤੇ ਊਣਤਾਈਆਂ ਸਾਹਮਣੇ ਆਈਆਂ ਹਨ ਅਤੇ ਈਡੀ ਦੇ ਲੰਬੇ ਹੱਥ ਹੁਣ ਗਮਾਡਾ ਦੇ ਮੌਜੂਦਾ ਅਫ਼ਸਰਾਂ ਸਮੇਤ ਤਤਕਾਲੀ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਦੇ ਭਤੀਜੇ ਦੇ ਘਰਾਂ ਤੱਕ ਪਹੁੰਚ ਗਏ। ਜਿਸ ਕਾਰਨ ਆਮ ਆਦਮੀ ਪਾਰਟੀ (ਆਪ) ਵੱਲੋਂ ਬੀਤੇ ਕੱਲ੍ਹ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਈਡੀ ਦੀਆਂ ਟੀਮਾਂ ਦਾ ਘਿਰਾਓ ਕੀਤਾ ਗਿਆ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਈਡੀ ਦੀਆਂ ਟੀਮਾਂ ਨੂੰ ਆਪਣੀ ਵਾਪਸੀ ਪਾਉਣੀ ਪਈ, ਪ੍ਰੰਤੂ ਕੇਂਦਰੀ ਜਾਂਚ ਏਜੰਸੀ ਜਾਂਦੇ ਹੋਏ ਆਪਣੇ ਨਾਲ ਐਨਾ ਕੁ ਸਮਾਨ ਸਮੇਟ ਕੇ ਲੈ ਗਈ ਕਿ ਉਹ ਆਪਣੇ ਦਫ਼ਤਰ ਬੈਠ ਕੇ ਜਾਂਚ ਪ੍ਰਕਿਰਿਆ ਮੁਕੰਮਲ ਕਰ ਸਕਦੀ ਹੈ। ਜਿਸ ਕਾਰਨ ਗਮਾਡਾ ਦੀ ਅਫ਼ਸਰਸ਼ਾਹੀ ਅਤੇ ਕਥਿਤ ਵਿਚੋਲਿਆਂ ਦੀ ਨੀਂਦ ਉੱਡੀ ਹੋਈ ਹੈ। ਸੂਤਰ ਦੱਸਦੇ ਹਨ ਕਿ ਈਡੀ ਦੀ ਜਾਂਚ ’ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨ ਹੈ। ਜਿਸ ਕਾਰਨ ਗਮਾਡਾ ਦੇ ਮੌਜੂਦਾ ਅਫ਼ਸਰ ਅਤੇ ਪਹਿਲਾਂ ਵੱਖਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਅਧਿਕਾਰੀਆਂ ਨੂੰ ਆਪਣਾ ਪਾਲਾ ਖਾ ਰਿਹਾ ਹੈ। ਬਾਕਸ : ਉਧਰ, ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ ਹਨ। ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜੇਕਰ ਗਮਾਡਾ ਵਿਚ ਸਾਰਾ ਕੁੱਝ ਪਾਰਦਰਸ਼ੀ ਹੈ ਤਾਂ ਅਫ਼ਸਰਸ਼ਾਹੀ ਅਤੇ ਹੁਕਮਰਾਨਾਂ ਨੂੰ ਘਬਰਾਉਣ ਦੀ ਥਾਂ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਬਾਕਸ : ਗਮਾਡਾ ’ਚ ਹੋਈਆਂ ਕਥਿਤ ਬੇਨਿਯਮੀਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕਿਸੇ ਮਾਮਲੇ ’ਚ ਜਾਂਚ ਸੰਵਿਧਾਨਕ ਅਤੇ ਕਾਨੂੰਨੀ ਹੱਦਾਂ ’ਚ ਰਹਿ ਕੇ ਕੀਤੀ ਜਾ ਰਹੀ ਹੈ ਤਾਂ ਸੱਤਾਧਾਰੀ ਧਿਰ ਨੂੰ ਇਸ ਦਾ ਵਿਰੋਧ ਕਰਨ ਦੀ ਬਜਾਏ ਜਾਂਚ ’ਚ ਸਹਿਯੋਗ ਦੇਣਾ ਚਾਹੀਦਾ ਹੈ। ਜੇਕਰ ਪੰਜਾਬ ਸਰਕਾਰ ਜਾਂ ਸਬੰਧਤ ਵਿਭਾਗ ਦੇ ਕੰਮਕਾਜ ’ਚ ਕੋਈ ਕਮੀ ਨਹੀਂ ਹੈ ਤਾਂ ਫਿਰ ਜਾਂਚ ਤੋਂ ਡਰਨ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਜੀਲੈਂਸ ਦੀਆਂ ਛਾਪੇਮਾਰੀਆਂ ਨੂੰ ਜਾਇਜ਼ ਠਹਿਰਾਉਣਾ ਅਤੇ ਖ਼ੁਦ ਨਾਲ ਸਬੰਧਤ ਮਾਮਲਿਆਂ ’ਚ ਈਡੀ ਦੀ ਜਾਂਚ ਦਾ ਵਿਰੋਧ ਕਰਨਾ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਈਡੀ ਦਾ ਵਿਰੋਧ ਕਰਨ ਸਮੇਂ ਗੱਡੀਆਂ ਦੇ ਟਾਇਰਾਂ ਦੀ ਹਵਾ ਕੱਢਣ ਵਰਗੀਆਂ ਘਟਨਾਵਾਂ ਕਿਸੇ ਵੀ ਤਰ੍ਹਾਂ ਸੂਬੇ ਦੇ ਹਿੱਤ ’ਚ ਨਹੀਂ ਹਨ। ਇਸ ਨਾਲ ਕਾਨੂੰਨ-ਵਿਵਸਥਾ ’ਤੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਪੰਜਾਬ ’ਚ ਟਕਰਾਅ ਵਾਲਾ ਮਾਹੌਲ ਪੈਦਾ ਹੁੰਦਾ ਹੈ। ਸਰਕਾਰ ਵੱਲੋਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਟਕਰਾਅ ਅਤੇ ਵਿਵਾਦਾਂ ਵਾਲਾ ਮਾਹੌਲ ਪੈਦਾ ਕਰਨਾ ਸੂਬੇ ਦੇ ਹਿੱਤ ’ਚ ਨਹੀਂ ਹੈ। ਬਾਕਸ : ਐਸਸੀ-ਬੀਸੀ ਮਹਾ ਪੰਚਾਇਤ ਪੰਜਾਬ ਦੇ ਕਾਰਕੁਨਾਂ ਨੇ ਲੱਡੂ ਵੰਡ ਕੇ ਈਡੀ ਕਾਰਵਾਈ ਦਾ ਸਵਾਗਤ ਕਰਦਿਆਂ ਜਾਂਚ ਏਜੰਸੀ ਦੀ ਪ੍ਰਸ਼ੰਸਾ ਕੀਤੀ ਹੈ। ਸੰਗਠਨ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਈਡੀ ਦੀ ਕਾਰਵਾਈ ਸ਼ਲਾਘਾਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ’ਚ ਭ੍ਰਿਸ਼ਟ ਆਗੂਆਂ, ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ। ਗਮਾਡਾ ਅਧਿਕਾਰੀ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਪੁੱਡਾ ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ।