ਬਰਵਾਲਾ ਰੋਡ ’ਤੇ ਦੁਕਾਨ ’ਚ ਚੋਰੀ, ਕਰੀਬ ਪੌਣੇ ਦੋ ਲੱਖ ਦਾ ਸਾਮਾਨ ਗਾਇਬ
ਬਰਵਾਲਾ ਰੋਡ ’ਤੇ ਦੁਕਾਨ ’ਚ ਚੋਰੀ, ਕਰੀਬ ਪੌਣੇ ਦੋ ਲੱਖ ਦਾ ਸਾਮਾਨ ਗਾਇਬ
Publish Date: Fri, 20 Feb 2026 07:30 PM (IST)
Updated Date: Fri, 20 Feb 2026 07:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਸੈਣੀ ਇਲੈਕਟ੍ਰਿਕਲ ਦੀ ਦੁਕਾਨ ’ਚ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਦੁਕਾਨ ਵਿਚੋਂ ਮੋਟਰਾਂ, ਤਾਂਬੇ ਦਾ ਸਾਮਾਨ, ਕੇਬਲਾਂ ਅਤੇ ਜਨਰੇਟਰ ਦੇ ਸਾਮਾਨ ਸਮੇਤ ਕਰੀਬ ਪੌਣੇ ਦੋ ਲੱਖ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਭੁਪਿੰਦਰ ਸਿੰਘ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਇਕ ਤੋਂ ਦੋ ਵਜੇ ਦੇ ਦਰਮਿਆਨ ਵਾਪਰੀ ਹੈ। ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੇ ਤਾਏ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਦੁਕਾਨ ਦੇ ਸ਼ਟਰ ਟੂਟੇ ਹੋਏ ਹਨ ਤੇ ਸਵੇਰੇ ਜਦੋਂ ਉਹ ਦੁਕਾਨ ’ਤੇ ਪੁੱਜੇ ਤਾਂ ਸ਼ਟਰ ਜੈਕ ਨਾਲ ਤੋੜਿਆ ਹੋਇਆ ਸੀ ਅਤੇ ਅੰਦਰੋਂ ਕਾਫ਼ੀ ਸਾਮਾਨ ਗਾਇਬ ਮਿਲਿਆ। ਉਨ੍ਹਾਂ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਚਾਰੋਂ ਚੋਰਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਯੋਜਨਾਬੱਧ ਢੰਗ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਫੁਟੇਜ ’ਚ ਇਕ ਗੱਡੀ ਸਕਾਰਪੀਓ ਵੀ ਦਿਖਾਈ ਦੇ ਰਹੀ ਹੈ, ਜਿਸ ਵਿਚ ਉਹ ਸਾਰਾ ਸਾਮਾਨ ਲੱਦ ਕੇ ਲੈ ਗਏ। ਇਲਾਕਾ ਵਾਸੀਆਂ ਅਨੁਸਾਰ ਬਰਵਾਲਾ ਰੋਡ ’ਤੇ ਪਿਛਲੇ ਕੁਝ ਸਮੇਂ ਤੋਂ ਚੋਰੀਆਂ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਵਪਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਇਲਾਕੇ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।