‘ਮੇਡ ਇਨ ਚੰਡੀਗੜ੍ਹ’ ਐਪ ਰਾਹੀਂ ਰੱਖੀ ਨੌਕਰਾਣੀ ਨੇ ਸਾਥੀਆਂ ਨਾਲ ਮਿਲ ਕੇ ਕੋਠੀ 'ਚ ਕੀਤੀ ਲੁੱਟ, ਮਾਲਕਣ ਨੂੰ ਬੇਹੋਸ਼ ਕਰਕੇ ਉਡਾਇਆ ਸਾਮਾਨ ਸੈਕਟਰ-8ਸੀ ਸਥਿਤ ਕੋਠੀ ਨੰਬਰ 1124 ਵਿਚ 23 ਸਾਲਾ ਘਰੇਲੂ ਸਹਾਇਕਾ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚਾਰੋਂ ਮੁਲਜ਼ਮ ਪੂਰੀ ਤਿਆਰੀ ਨਾਲ ਕੋਠੀ ਵਿਚ ਪਹੁੰਚੇ ਸਨ। ਪਛਾਣ ਲੁਕਾਉਣ ਲਈ ਨੌਜਵਾਨਾਂ ਨੇ ਸਿਰ ’ਤੇ ਕੈਪ ਪਾਈ ਹੋਈ ਸੀ ਅਤੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਹ ਘਰ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।
Publish Date: Tue, 17 Nov 2026 11:33 AM (IST)
Updated Date: Tue, 17 Nov 2026 11:34 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਸੈਕਟਰ-8ਸੀ ਸਥਿਤ ਕੋਠੀ ਨੰਬਰ 1124 ਵਿਚ 23 ਸਾਲਾ ਘਰੇਲੂ ਸਹਾਇਕਾ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚਾਰੋਂ ਮੁਲਜ਼ਮ ਪੂਰੀ ਤਿਆਰੀ ਨਾਲ ਕੋਠੀ ਵਿਚ ਪਹੁੰਚੇ ਸਨ। ਪਛਾਣ ਲੁਕਾਉਣ ਲਈ ਨੌਜਵਾਨਾਂ ਨੇ ਸਿਰ ’ਤੇ ਕੈਪ ਪਾਈ ਹੋਈ ਸੀ ਅਤੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਹ ਘਰ ਦਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ।
ਮੁੱਖ ਮੁਲਜ਼ਮ ਨੌਕਰਾਣੀ ਮਾਲਕਣ ਕਿਰਨ ਮਿੱਤਲ ਦਾ ਮੋਬਾਈਲ ਫ਼ੋਨ ਵੀ ਨਾਲ ਲੈ ਗਈ। ਇਸ ਫ਼ੋਨ ਵਿਚ ਉਸ ਦੀ ਪਛਾਣ ਨਾਲ ਜੁੜੇ ਦਸਤਾਵੇਜ਼ ਮੌਜੂਦ ਸਨ। ਸ਼ਿਕਾਇਤਕਰਤਾ ਮਹੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਕਿਰਨ ਮਿੱਤਲ ਨੇ ਕੁਝ ਦਿਨ ਪਹਿਲਾਂ ‘ਮੇਡ ਇਨ ਚੰਡੀਗੜ੍ਹ’ ਐਪ ਰਾਹੀਂ ਨੇਪਾਲ ਮੂਲ ਦੀ ਲਗਪਗ 23 ਸਾਲਾ ਲੜਕੀ ਨੂੰ ਘਰੇਲੂ ਕੰਮ ਲਈ ਰੱਖਿਆ ਸੀ। ਇਸੇ ਲੜਕੀ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਵਾਰਦਾਤ ਦੀ ਸਾਜ਼ਿਸ਼ ਰਚੀ।
ਵਾਰਦਾਤ ਦੌਰਾਨ ਕਿਰਨ ਮਿੱਤਲ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰ ਦਿੱਤਾ ਗਿਆ। ਉਨ੍ਹਾਂ ਨੂੰ ਪੀਸੀਆਰ ਵਾਹਨ ਰਾਹੀਂ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਬਾਅਦ ਵਿਚ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ।
ਮੋਬਾਈਲ ਫ਼ੋਨ ਨਾਲ ਲਿਜਾਣ ਕਾਰਨ ਪਛਾਣ ਵਿਚ ਆ ਰਹੀ ਮੁਸ਼ਕਲ
ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਨੌਕਰਾਣੀ ਕਿਰਨ ਮਿੱਤਲ ਦਾ ਮੋਬਾਈਲ ਫ਼ੋਨ ਵੀ ਲੈ ਕੇ ਫ਼ਰਾਰ ਹੋ ਗਈ। ਇਸ ਫ਼ੋਨ ਵਿਚ ਨੌਕਰਾਣੀ ਦੀ ਪਛਾਣ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਜਾਣਕਾਰੀ ਮੌਜੂਦ ਸੀ। ਇਸ ਕਾਰਨ ਪੁਲਿਸ ਹੁਣ ਹੋਰ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਰੋਂ ਚੋਰੀ ਹੋਏ ਸਾਮਾਨ ਬਾਰੇ ਵੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸਾਬਕਾ ਕੌਂਸਲਰ ਦੀ ਕੋਠੀ ਵਿਚ ਲੁੱਟ ਨਾਲ ਜੋੜ ਕੇ ਜਾਂਚ ਸੈਕਟਰ-3 ਥਾਣੇ ਦੀ ਪੁਲਿਸ ਇਸ ਵਾਰਦਾਤ ਦੀ ਜਾਂਚ ਅਗਸਤ 2026 ਵਿਚ ਸੈਕਟਰ-28 ਸਥਿਤ ਸਾਬਕਾ ਕੌਂਸਲਰ ਮੁਕੇਸ਼ ਬੱਸੀ ਦੀ ਕੋਠੀ ਨੰਬਰ 3097 ਵਿਚ ਹੋਈ ਲੁੱਟ ਨਾਲ ਜੋੜ ਕੇ ਵੀ ਕਰ ਰਹੀ ਹੈ। ਉਸ ਵਾਰਦਾਤ ਵਿਚ ਵੀ ਨੇਪਾਲ ਮੂਲ ਦੇ ਇਕ ਘਰੇਲੂ ਨੌਕਰ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਕਰਨ ਦਾ ਦੋਸ਼ ਸੀ। ਉਸ ਮਾਮਲੇ ਵਿਚ ਨੌਕਰ ਦੀ ਪ੍ਰੇਮਿਕਾ ਦੀ ਭੂਮਿਕਾ ਵੀ ਸਾਹਮਣੇ ਆਈ ਸੀ, ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਸੈਕਟਰ-28 ਦੀ ਵਾਰਦਾਤ ਵਿਚ ਸ਼ਾਮਲ ਨੇਪਾਲ ਮੂਲ ਦੇ ਨੌਕਰ ਨੇ ਆਪਣੀ ਪ੍ਰੇਮਿਕਾ ਰਾਹੀਂ ਸੈਕਟਰ-8ਸੀ ਦੀ ਕੋਠੀ ਵਿਚ ਲੁੱਟ ਕਰਵਾਈ ਸੀ। ਮਾਮਲੇ ਦੀ ਜਾਂਚ ਜਾਰੀ ਹੈ।