ਸ਼ੈਮਰਾਕ ਸਕੂਲ ’ਚ ਸਾਲਾਨਾ ਖੇਡ ਦਿਵਸ ਮਨਾਇਆ
ਸ਼ੈਮਰਾਕ ਸਕੂਲ ਵਿਚ ਸਾਲਾਨਾ ਖੇਡ ਦਿਵਸ ਦਾ ਸ਼ਾਨਦਾਰ ਆਯੋਜਨ; ਨੰਨ੍ਹੇ ਖਿਡਾਰੀਆਂ ਨੇ ਦਿਖਾਇਆ ਆਪਣੀ ਪ੍ਰਤਿਭਾ ਦਾ ਜੌਹਰ
Publish Date: Mon, 23 Feb 2026 08:38 PM (IST)
Updated Date: Mon, 23 Feb 2026 08:40 PM (IST)

- ਨੰਨ੍ਹੇ ਖਿਡਾਰੀਆਂ ਨੇ ਦਿਖਾਇਆ ਆਪਣੀ ਪ੍ਰਤਿਭਾ ਦਾ ਜੌਹਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਵੱਲੋਂ ਸਾਲਾਨਾ ਖੇਡ ਦਿਵਸ 2025-26 ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਸਕੂਲ ਦੇ ਫੁੱਟਬਾਲ ਮੈਦਾਨ ਵਿਚ ਮਨਾਇਆ ਗਿਆ। ਇਹ ਤਿੰਨ-ਰੋਜ਼ਾ ਖੇਡ ਮੇਲੇ ਵਿਚ ਨਰਸਰੀ, ਐੱਲਕੇਜੀ ਅਤੇ ਯੂਕੇਜੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀ ਖੇਡ ਭਾਵਨਾ ਨਾਲ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਪਹਿਲੇ ਦਿਨ ਨਰਸਰੀ ਦੇ ਬੱਚਿਆਂ ਨੇ ਦਿਲਕਸ਼ ਡਰਿੱਲ ਅਤੇ ਮਜ਼ੇਦਾਰ ਦੌੜਾਂ ਵਿਚ ਹਿੱਸਾ ਲਿਆ। ਦੂਜੇ ਦਿਨ ਐੱਲਕੇਜੀ ਦੇ ਵਿਦਿਆਰਥੀਆਂ ਨੇ ਆਪਣੀ ਊਰਜਾ ਅਤੇ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਦੌੜਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਤੀਜੇ ਅਤੇ ਅੰਤਿਮ ਦਿਨ ਯੂਕੇਜੀ ਦੇ ਵਿਦਿਆਰਥੀਆਂ ਨੇ ਜ਼ੁੰਬਾ, ਯੋਗਾ, ਤਾਇਕਵਾਂਡੋ ਅਤੇ ਟੀਮ ਵਰਕ ਵਾਲੀਆਂ ਦੌੜਾਂ ਰਾਹੀਂ ਅਨੁਸ਼ਾਸਨ ਅਤੇ ਪ੍ਰਤਿਭਾ ਦੀ ਮਿਸਾਲ ਪੇਸ਼ ਕੀਤੀ। ਹਰ ਦਿਨ ਦੀ ਸ਼ੁਰੂਆਤ ਸਕੂਲ ਦੇ ਝੰਡੇ ਨੂੰ ਲਹਿਰਾਉਣ, ਮਸ਼ਾਲ ਮਾਰਚ ਅਤੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ। ਖ਼ਾਸ ਖਿੱਚ ਦਾ ਕੇਂਦਰ ਮਾਪਿਆਂ ਲਈ ਕਰਵਾਈਆਂ ਗਈਆਂ ਮਜ਼ੇਦਾਰ ਦੌੜਾਂ ਰਹੀਆਂ, ਜਿਸ ਨੇ ਸਕੂਲ ਅਤੇ ਮਾਪਿਆਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ। ਇਸ ਮੌਕੇ ਚੇਅਰਮੈਨ ਏਐੱਸ ਬਾਜਵਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਖੇਡਾਂ ਸਿਰਫ਼ ਜਿੱਤਣ ਲਈ ਨਹੀਂ ਹੁੰਦੀਆਂ, ਸਗੋਂ ਇਹ ਬੱਚਿਆਂ ਵਿਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ। ਸਾਡਾ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਇਹ ਤਿੰਨ ਦਿਨ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਖੁਸ਼ੀ ਦੇ ਪ੍ਰਤੀਕ ਰਹੇ ਹਨ। ਅਸੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੋਹਰੀ ਰੱਖਣ ਲਈ ਵਚਨਬੱਧ ਹਾਂ। ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।