ਮੁਹਾਲੀ ਪ੍ਰੈੱਸ ਕਲੱਬ ਦੀ ਚੋਣ ’ਚ ਸ਼ਾਹੀ-ਪਟਵਾਰੀ ਗਰੁੱਪ ਜੇਤੂ
ਮੁਹਾਲੀ ਪ੍ਰੈੱਸ ਕਲੱਬ ਦੀ ਚੋਣ ’ਚ ਸ਼ਾਹੀ-ਪਟਵਾਰੀ ਗਰੁੱਪ ਜੇਤੂ
Publish Date: Sat, 04 Apr 2026 06:48 PM (IST)
Updated Date: Sat, 04 Apr 2026 06:52 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਪ੍ਰੈੱਸ ਕਲੱਬ ਦੀ ਸਾਲ 2026-27 ਲਈ ਗਵਰਨਿੰਗ ਬਾਡੀ ਦੀ ਚੋਣ ਵਿਚ ਸ਼ਾਹੀ-ਪਟਵਾਰੀ ਗਰੁੱਪ ਜੇਤੂ ਕਰਾਰ ਦਿੱਤਾ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਅਤੇ ਚੋਣ ਕਮਿਸ਼ਨਰ ਕੁਲਵਿੰਦਰ ਸਿੰਘ ਬਾਵਾ ਤੇ ਗੁਰਮੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੁੱਖ ਚੋਣ ਕਮਿਸ਼ਨਰ ਵੱਲੋਂ ਚੋਣ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸ਼ਾਹੀ-ਪਟਵਾਰੀ ਗਰੁੱਪ ਨੂੰ ਜੇਤੂ ਐਲਾਨਿਆ ਗਿਆ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਜ਼ ਵੱਲੋਂ ਸ਼ਾਹੀ-ਪਟਵਾਰੀ ਪੈਨਲ ਦੇ 9 ਅਹੁਦੇਦਾਰਾਂ-ਗੁਰਮੀਤ ਸਿੰਘ ਸ਼ਾਹੀ, ਪ੍ਰਧਾਨ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਵਿਜੇ ਪਾਲ ਤੇ ਨੀਲਮ ਠਾਕੁਰ, ਜਥੇਬੰਦਕ ਸਕੱਤਰ ਵਿਜੇ ਕੁਮਾਰ, ਜੁਆਇੰਟ ਸਕੱਤਰ ਡਾ. ਰਵਿੰਦਰ ਕੌਰ ਤੇ ਸੰਦੀਪ ਬਿੰਦਰਾ ਅਤੇ ਖ਼ਜ਼ਾਨਚੀ ਰਾਜੀਵ ਤਨੇਜਾ ਦੀ ਨਵੀਂ ਟੀਮ ਨੂੰ ਜੇਤੂ ਐਲਾਨਿਆ ਗਿਆ। ਇਸ ਮੌਕੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਪੀ ਜ਼ਿੰਮੇਵਾਰੀ ਨੂੰ ਨੇਪਰੇ ਚੜ੍ਹਾਇਆ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰੈੱਸ ਕਲੱਬ ਸਾਹਮਣੇ ਸਭ ਤੋਂ ਵੱਡਾ ਕਾਰਜ ਪ੍ਰੈੱਸ ਕਲੱਬ ਲਈ ਸਰਕਾਰ ਪਾਸੋਂ ਥਾਂ ਲੈਣ ਦਾ ਹੈ, ਜਿਸ ਵਾਸਤੇ ਮੁਹਾਲੀ ਪ੍ਰੈੱਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਕਲੱਬ ਦੇ ਵੱਖ-ਵੱਖ ਮੈਂਬਰਾਂ ਵੱਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿਚ ਲੱਡੂ ਵੰਡੇ ਗਏ। ਅਖ਼ੀਰ ਵਿਚ ਚੋਣ ਕਮਿਸ਼ਨ ਵੱਲੋਂ ਕਲੱਬ ਦੀ ਚੋਣ ਵਿਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।