ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ. ਦੇ ਸਹਿਯੋਗ ਨਾਲ 'ਸ਼ਬਦ ਗੁਰੂ' ਸੈਮੀਨਾਰ ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ. ਦੇ ਸਹਿਯੋਗ ਨਾਲ 'ਸ਼ਬਦ ਗੁਰੂ' ਸੈਮੀਨਾਰ
Publish Date: Thu, 03 Sep 2026 05:49 PM (IST)
Updated Date: Fri, 04 Sep 2026 04:02 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ ਵੱਲੋਂ ਸਿੱਖ ਰਿਸਰਚ ਇੰਸਟੀਚਿਊਟ, ਯੂ.ਐੱਸ.ਏ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਸ਼ਬਦ ਗੁਰੂ: ਡਿਜੀਟਲ ਯੁੱਗ ’ਚ ਮਾਨਸਿਕ ਸਿਹਤ ਤੇ ਆਤਮ-ਚਿੰਤਨ ਦਾ ਮਾਰਗ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਵਿਦਵਾਨਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਗੁਰਬਾਣੀ ਦੇ ਅਮੁੱਲ ਗਿਆਨ, ਸ਼ਬਦ ਗੁਰੂ ਦੇ ਡੂੰਘੇ ਅਰਥਾਂ ਤੇ ਮਹੱਤਵ ਤੇ ਮਾਨਸਿਕ ਸਿਹਤ ਤੇ ਸਵੈ-ਚਿੰਤਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖ ਰਿਸਰਚ ਇੰਸਟੀਚਿਊਟ, ਯੂ.ਐੱਸ.ਏ. ਦੇ ਸੀਨੀਅਰ ਰਿਸਰਚ ਫੈਲੋ ਡਾ. ਚਮਕੌਰ ਸਿੰਘ ਅਤੇ ਪ੍ਰੋ. ਅਵਤਾਰ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਦੀ ਗੁਰੂ ਨਾਨਕ ਚੇਅਰ ਦੇ ਚੇਅਰਮੈਨ ਡਾ. ਹਰਪਾਲ ਸਿੰਘ ਪੰਨੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ. ਆਰ.ਐੱਸ. ਬਾਵਾ ਨੇ ਵੀ ਸਿਰਕਤ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਧਾਰਮਿਕ ਗ੍ਰੰਥ ਨਹੀਂ, ਸਗੋਂ ਸਿੱਖ ਜੀਵਨ ’ਚ ਸ਼ਬਦ ਗੁਰੂ ਅਤੇ ਅਗਵਾਈ ਦਾ ਸਭ ਤੋਂ ਵੱਡਾ ਸੋਮਾ ਹਨ।” ਉਨ੍ਹਾਂ ਕਿਹਾ ਕਿ ਸਿੱਖ ਫ਼ਲਸਫ਼ੇ ’ਚ ਸ਼ਬਦ ਦਾ ਵਿਸ਼ੇਸ਼ ਸਥਾਨ ਹੈ ਤੇ ਧਰਮ ਗ੍ਰੰਥਾਂ ਦੀ ਬੋਲੀ ਮਾਂ ਦੀ ਲੋਰੀ ਵਾਂਗ ਸਰਲ ਤੇ ਮਿੱਠੀ ਹੋਣੀ ਚਾਹੀਦੀ ਹੈ, ਜੋ ਸਾਰੇ ਦੁੱਖ-ਦਰਦ ਭੁਲਾ ਦੇਵੇ। ਪ੍ਰੋ. ਅਵਤਾਰ ਸਿੰਘ ਨੇ ਕਿਹਾ, “ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹਨ ਤੇ ਇਨ੍ਹਾਂ ਦੀ ਬਾਣੀ ਮਨੁੱਖਤਾ ਦੇ ਭਲੇ, ਸਾਂਝੀਵਾਲਤਾ ਅਤੇ ਆਤਮ-ਚਿੰਤਨ ਦਾ ਸਰਬ-ਸਾਂਝਾ ਸੁਨੇਹਾ ਦਿੰਦੀ ਹੈ। ਸ਼ਬਦ ਗੁਰੂ ਤੋਂ ਭਾਵ ਉਸ ਗਿਆਨ ਤੋਂ ਹੈ ਜੋ ਮਨੁੱਖ ਨੂੰ ਸੱਚ ਦਾ ਬੋਧ ਕਰਵਾਉਂਦਾ ਹੈ, ਜੋ ਅਟੱਲ ਹੈ ਅਤੇ ਕਦੇ ਪੁਰਾਣਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦਾ ਨਿਚੋੜ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ’ਚ ਸਮਾਇਆ ਹੋਇਆ ਹੈ। ਅੱਜ ਮੀਡੀਆ ’ਚ ਸਿੱਖਾਂ ਦੀ ਪਛਾਣ ਸੇਵਾ-ਭਾਵ, ਤਲਵਾਰ ਅਤੇ ਦਸਤਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ, ਜਦਕਿ ਉਨ੍ਹਾਂ ਦੀ ਗਿਆਨ ਪਰੰਪਰਾ ਕਿਤੇ ਨਜ਼ਰ ਨਹੀਂ ਆਉਂਦੀ। ਡਾ. ਚਮਕੌਰ ਸਿੰਘ ਨੇ ਕਿਹਾ, “ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੋ ਉਪਦੇਸ਼ ਮੌਖਿਕ ਜਾਂ ਲਿਖਤੀ ਰੂਪ ’ਚ ਦਿੱਤੇ ਗਏ ਅਤੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਹਨ। ਉਨ੍ਹਾਂ ਕਿਹਾ ਕਿ ਸ਼ਬਦ ਕੇਵਲ ਧੁਨੀ ਨਹੀਂ, ਸਗੋਂ ਅਕਾਲ ਪੁਰਖ ਦਾ ਹੁਕਮ ਤੇ ਗਿਆਨ ਹੈ, ਜੋ ਅਗਿਆਨਤਾ ਅਤੇ ਹਉਮੈ ਦੇ ਹਨੇਰੇ ਨੂੰ ਦੂਰ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਗੁਰੂ ਨਾਨਕ ਦੇਵ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਿਰਫ਼ ਪੜ੍ਹਨ ਤੱਕ ਸੀਮਤ ਨਾ ਰੱਖਣ, ਸਗੋਂ ਆਪਣੇ ਜੀਵਨ ’ਚ ਵੀ ਢਾਲਣ। ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫ਼ੈਸਰ ਡਾ. ਆਰ.ਐੱਸ. ਬਾਵਾ ਨੇ ਕਿਹਾ, “ਸ਼ਬਦ ਗੁਰੂ ਨੂੰ ਪੜ੍ਹਨਾ ਇਕ ਅਜਿਹਾ ਅਨੁਭਵ ਹੈ ਜੋ ਮਨੁੱਖ ਨੂੰ ਸ਼ਾਂਤੀ, ਖ਼ੁਸ਼ੀ ਅਤੇ ਤਣਾਅ ਤੋਂ ਮੁਕਤੀ ਦਾ ਅਹਿਸਾਸ ਕਰਵਾਉਂਦਾ ਹੈ।