ਗਮਾਡਾ ਵੱਲੋਂ ਐਕਵਾਇਰ ਕੀਤੀਆਂ ਜ਼ਮੀਨਾਂ ਵਾਲੇ ਪਿੰਡਾਂ ’ਚ ਸੀਵਰੇਜ ਸੰਕਟ ਗੰਭੀਰ
ਐਕਵਾਇਰ ਕੀਤੀਆਂ ਜ਼ਮੀਨਾਂ ਵਾਲੇ ਪਿੰਡਾਂ ਵਿਚ ਸੀਵਰੇਜ ਸੰਕਟ ਗੰਭੀਰ
Publish Date: Tue, 31 Mar 2026 05:55 PM (IST)
Updated Date: Wed, 01 Apr 2026 04:07 AM (IST)

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਪੱਤਰ, ਪੱਕੇ ਹੱਲ ਦੀ ਮੰਗ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਗਮਾਡਾ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਵਾਲੇ ਸਬੰਧਤ ਪਿੰਡਾਂ ’ਚ ਸੀਵਰੇਜ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੁਹਾਲੀ ਹਲਕੇ ਦੇ ਉਨ੍ਹਾਂ ਪਿੰਡਾਂ ਵਿਚ ਸੀਵਰੇਜ ਵਿਵਸਥਾ ਅਤੇ ਸੀਵਰ ਟਰੀਟਮੈਂਟ ਪਲਾਂਟ ਬਣਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਗਮਾਡਾ ਵੱਲੋਂ ਵੱਡੇ ਪੱਧਰ ’ਤੇ ਐਕਵਾਇਰ ਕੀਤੀਆਂ ਜਾ ਚੁੱਕੀਆਂ ਹਨ। ਡਿਪਟੀ ਮੇਅਰ ਨੇ ਆਪਣੇ ਪੱਤਰ ਵਿਚ ਦਰਸਾਇਆ ਕਿ ਮੁਹਾਲੀ ਦੇ ਪਿੰਡ ਸੰਭਾਲਕੀ, ਨਾਨੋਮਾਜਰਾ, ਮੌਲੀ ਬੈਦਵਾਨ, ਚਿੱਲਾ, ਰੁੜਕਾ, ਲਾਂਡਰਾਂ, ਚੱਪੜਚਿੜੀ ਖੁਰਦ, ਚੱਪੜਚਿੜੀ ਕਲਾਂ, ਲਖਨੌਰ ਅਤੇ ਬਰਿਆਲੀ ਸਮੇਤ ਕਰੀਬ ਇਕ ਦਰਜਨ ਪਿੰਡ ਹੁਣ ਮੁਹਾਲੀ ਨਗਰ ਨਿਗਮ ਅਧੀਨ ਆ ਚੁੱਕੇ ਹਨ। ਇੰਝ ਹੀ ਨੇੜਲੇ ਹੋਰ ਪਿੰਡ ਸਿਆਊ, ਪੱਤੋਂ ਅਤੇ ਸਫ਼ੀਪੁਰ ਦੀ ਜ਼ਮੀਨ ਵਿਕਾਸ ਦੇ ਨਾਂ ’ਤੇ ਐਕਵਾਇਰ ਕੀਤੀ ਗਈ ਹੈ। ਇਨ੍ਹਾਂ ਪਿੰਡਾਂ ਵਿਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਦੀ ਹੈ। ਮੌਜੂਦਾ ਸਮੇਂ ਵਿਚ ਨਾ ਤਾਂ ਢੰਗ ਦੀ ਸੀਵਰ ਲਾਈਨ ਮੌਜੂਦ ਹੈ ਅਤੇ ਨਾ ਹੀ ਕੋਈ ਸੀਵਰ ਟਰੀਟਮੈਂਟ ਪਲਾਂਟ ਬਣਾਇਆ ਗਿਆ ਹੈ। ਇਸ ਕਾਰਨ ਗੰਦਾ ਪਾਣੀ ਖੇਤਾਂ ਅਤੇ ਖੁੱਲ੍ਹੀਆਂ ਥਾਵਾਂ ਵਿਚ ਛੱਡਿਆ ਜਾ ਰਿਹਾ ਹੈ, ਜਿਸ ਨਾਲ ਪ੍ਰਦੂਸ਼ਿਤ ਵਾਤਾਵਰਨ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਬੇਦੀ ਨੇ ਕਿਹਾ ਕਿ ਇਲਾਕੇ ਵਿਚ ਨਵੇਂ ਸੈਕਟਰ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਅਤੇ ਉਨ੍ਹਾਂ ਵਿਚ ਵੱਡੇ ਪੱਧਰ ’ਤੇ ਸੀਵਰ ਲਾਈਨਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨਵੇਂ ਵੱਸ ਰਹੇ ਸੈਕਟਰਾਂ ਵਿਚ ਸੀਵਰ ਲਾਈਨਾਂ ਨਾਲ ਨੇੜਲੇ ਪਿੰਡਾਂ ਦੀਆਂ ਲਾਈਨਾਂ ਨੂੰ ਵੀ ਜੋੜਿਆ ਜਾਵੇ ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਵੀ ਸ਼ਹਿਰੀ ਸਹੂਲਤਾਂ ਦਾ ਲਾਭ ਮਿਲ ਸਕੇ। ਜਿੱਥੇ ਸੀਵਰ ਲਾਈਨਾਂ ਨਹੀਂ ਹਨ, ਉੱਥੇ ਨਵੀਆਂ ਲਾਈਨਾਂ ਪਾਉਣ ਦੀ ਗੁਹਾਰ ਵੀ ਲਗਾਈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਵੀ ਸ਼ਹਿਰੀ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਡਿਪਟੀ ਮੇਅਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ, ਪੰਚਾਇਤ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਤਾਲਮੇਲ ਨਾਲ ਇਕ ਸਪੱਸ਼ਟ ਨੀਤੀ ਤਿਆਰ ਕੀਤੀ ਜਾਵੇ, ਜਿਸ ਨਾਲ ਸਬੰਧਤ ਪਿੰਡਾਂ ਦੀ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਹੋ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਛੇਤੀ ਲੋੜੀਂਦੀ ਕਾਰਵਾਈ ਕਰੇਗੀ। ਉਨ੍ਹਾਂ ਇਸ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਵੀ ਭੇਜੀ ਹੈ।