ਫੇਜ਼-9 ’ਚ ਸੀਵਰੇਜ ਦਾ ਪਾਣੀ ਘਰਾਂ ਦੀਆਂ ਨੀਂਹਾਂ ’ਚ ਵੜਿਆ, 24 ਘੰਟੇ ਦਾ ਅਲਟੀਮੇਟਮ ਸੀਵਰੇਜ ਦਾ ਪਾਣੀ ਘਰਾਂ ਦੀਆਂ ਨੀਂਹਾਂ 'ਚ ਵੜਿਆ, 24 ਘੰਟੇ ਦਾ ਅਲਟੀਮੇਟਮ
Publish Date: Wed, 07 Oct 2026 07:46 PM (IST)
Updated Date: Wed, 07 Oct 2026 07:47 PM (IST)
ਸਾਬਕਾ ਮੇਅਰ ਜੀਤੀ ਸਿੱਧੂ ਨੇ ਮੁੱਖ ਸੜਕ ’ਤੇ ਧਰਨਾ ਲਾਉਣ ਦੀ ਦਿੱਤੀ ਚਿਤਾਵਨੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਫੇਜ਼-9 ਦੇ ਐੱਚਈ ਕੁਆਰਟਰਾਂ ’ਚ ਸੀਵਰੇਜ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਸੀਵਰੇਜ ਦੀ ਪਾਈਪਲਾਈਨ ’ਚੋਂ ਪਾਣੀ ਲੀਕ ਹੋ ਕੇ ਘਰਾਂ ਦੀਆਂ ਨੀਂਹਾਂ ’ਚ ਵੜਨ ਕਾਰਨ ਮਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ’ਚ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਦੋਸ਼ ਹੈ ਕਿ ਕਰੀਬ ਢਾਈ ਮਹੀਨੇ ਤੋਂ ਸਮੱਸਿਆ ਦਾ ਹੱਲ ਨਹੀਂ ਹੋਇਆ। ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਹਾਲੀ ਨਗਰ ਨਿਗਮ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਫੇਜ਼-9 ਦੀ ਮੁੱਖ ਸੜਕ ’ਤੇ ਧਰਨਾ ਦੇਣਗੇ ਅਤੇ ਪੰਜਾਬ ਸਰਕਾਰ ਤੇ ਵਿਧਾਇਕ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਐੱਚਈ-48 ਦੀ ਵਸਨੀਕ ਊਸ਼ਾ ਭਾਟੀਆ ਨੇ ਦੋਸ਼ ਲਾਇਆ ਕਿ ਇਕ ਵਿਅਕਤੀ ਜੋ ਖ਼ੁਦ ਨੂੰ ‘ਆਪ’ ਨਾਲ ਜੁੜਿਆ ਹੋਇਆ ਦੱਸਦਾ ਹੈ, ਨੇ ਇਹ ਕਹਿ ਕੇ ਉਨ੍ਹਾਂ ਦੇ ਘਰ ਦੀ ਤੋੜ-ਫੋੜ ਕਰਵਾਈ ਗਈ ਕਿ ਸਮੱਸਿਆ ਘਰ ਦੇ ਅੰਦਰੋਂ ਹੈ, ਪ੍ਰੰਤੂ ਬਾਅਦ ’ਚ ਸਾਹਮਣੇ ਆਇਆ ਕਿ ਸਮੱਸਿਆ ਘਰ ਦੇ ਅੰਦਰ ਨਹੀਂ, ਸਗੋਂ ਬਾਹਰ ਸੜਕ ਹੇਠਾਂ ਪਈ ਸੀਵਰੇਜ ਲਾਈਨ ’ਚੋਂ ਪਾਣੀ ਲੀਕ ਹੋਣ ਕਾਰਨ ਪੈਦਾ ਹੋ ਰਹੀ ਹੈ। ਊਸ਼ਾ ਭਾਟੀਆ ਮੁਤਾਬਕ ਬਾਥਰੂਮ, ਰਸੋਈ ਅਤੇ ਕਮਰੇ ਸਮੇਤ ਘਰ ਦੇ ਕਈ ਹਿੱਸਿਆਂ ਦੀ ਤੋੜ-ਫੋੜ ਕਰਵਾਈ ਗਈ ਅਤੇ ਉਨ੍ਹਾਂ ਦਾ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਨੇੜਲੇ ਘਰਾਂ ’ਚ ਵੀ ਖੁਦਾਈ ਸ਼ੁਰੂ ਕਰਵਾਈ ਗਈ ਅਤੇ ਖਰਚਾ ਦੇਣ ਦਾ ਭਰੋਸਾ ਦਿੱਤਾ, ਪਰ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋਈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਘਰਾਂ ਦੇ ਚਾਰੋਂ ਪਾਸੇ ਨੀਂਹਾਂ ਦੇ ਨਾਲ ਖੁਦਾਈ ਕਰ ਦਿੱਤੀ ਗਈ, ਪਰ ਸੀਵਰੇਜ ਪਾਣੀ ਦੀ ਲੀਕੇਜ ਦਾ ਅਸਲ ਸਰੋਤ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹੁਣ ਲੋਕ ਆਪਣੇ ਪੱਧਰ ਤੇ ਮੋਟਰਾਂ ਰਾਹੀਂ ਖੱਡਿਆਂ ’ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਸਬੰਧੀ ਵਾਰਡ ਦੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਨੇ ਵੀ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਤੋਂ ਵਾਧੂ ਖਰਚਾ ਕਰਵਾ ਦਿੱਤਾ ਪਰ ਅਸਲ ਸਮੱਸਿਆ ਅੱਜ ਵੀ ਬਰਕਰਾਰ ਹੈ। ਚਰਨਜੀਤ ਕੌਰ ਸਮੇਤ ਹੋਰ ਬੀਬੀਆਂ ਨੇ ਦੱਸਿਆ ਕਿ ਕਈ ਘਰਾਂ ਦਾ ਸੀਵਰੇਜ ਬੰਦ ਪਿਆ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਲਣ ਦਾ ਖ਼ਦਸ਼ਾ ਹੈ। ਜਿਸ ਕਾਰਨ ਇਲਾਕੇ ’ਚ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ।