ਨੁਕਸਾਨੇ ਮੈਨਹੋਲ ਢੱਕਣ ਕਾਰਨ ਸੀਵਰੇਜ ਹੋ ਰਿਹਾ ਓਵਰਫਲੋ, ਰਾਹਗੀਰ ਪਰੇਸ਼ਾਨ ਨੁਕਸਾਨੇ ਮੈਨਹੋਲ ਢੱਕਣ ਕਾਰਨ ਸੀਵਰੇਜ ਹੋ ਰਿਹਾ ਓਵਰਫਲੋ, ਰਾਹਗੀਰ ਪਰੇਸ਼ਾਨ
Publish Date: Fri, 18 Sep 2026 06:51 PM (IST)
Updated Date: Fri, 18 Sep 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਸਥਾਨਕ ਕਾਲਜ ਰੋਡ ਤੇ ਨੁਕਸਾਨੇ ਗਏ ਇਕ ਮੈਨਹੋਲ ਢੱਕਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕ ’ਤੇ ਲਗਾਤਾਰ ਲੀਕ ਹੋ ਰਿਹਾ ਹੈ, ਜਿਸ ਕਰ ਕੇ ਸਥਾਨਕ ਕਾਲੋਨੀ ਵਾਸੀਆਂ ਅਤੇ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਫੈਲੇ ਗੰਦੇ ਪਾਣੀ ਅਤੇ ਖੁੱਲ੍ਹੇ/ਟੁੱਟੇ ਮੈਨਹੋਲ ਕਾਰਨ ਹੁਣ ਤੱਕ ਕਈ ਦੁਪਹੀਆ ਵਾਹਨ ਚਾਲਕ ਫਿਸਲ ਕੇ ਡਿੱਗ ਚੁੱਕੇ ਹਨ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਐਡਵੋਕੇਟ ਜਗਤਾਰ ਸਿੰਘ ਵਾਸੀ ਕਾਲਜ ਕਾਲੋਨੀ ਡੇਰਾਬੱਸੀ ਦਾ ਦੋਸ਼ ਹੈ ਕਿ ਇਸ ਸਮੱਸਿਆ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬਾਰ-ਬਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨਗਰ ਕੌਂਸਲ ਦੀ ਇਸ ਅਣਗਹਿਲੀ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਤੇ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਬਦਬੂ ਨਾਲ ਜੀਣਾ ਦੁੱਭਰ ਹੋ ਗਿਆ ਹੈ ਅਤੇ ਇਲਾਕੇ ਵਿਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਰਾਤ ਦੇ ਸਮੇਂ ਇਹ ਨੁਕਸਾਨਿਆ ਮੈਨਹੋਲ ਨਜ਼ਰ ਨਾ ਆਉਣ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਰਿਹਾ ਹੈ। ਕਾਲੋਨੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਉੱਚ ਅਧਿਕਾਰੀ ਤੁਰੰਤ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਟੁੱਟੇ ਮੈਨਹੋਲ ਦੀ ਮੁਰੰਮਤ ਕਰਵਾ ਕੇ ਸੀਵਰੇਜ ਦੀ ਲੀਕੇਜ ਨੂੰ ਬੰਦ ਕਰਵਾਉਣ, ਤਾਂ ਜੋ ਲੋਕਾਂ ਨੂੰ ਇਸ ਮੁਸੀਬਤ ਤੋਂ ਰਾਹਤ ਮਿਲ ਸਕੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।