ਮੁਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਮੁੜ ਮਿਲੀ ਬੰਬ ਦੀ ਧਮਕੀ ਮੁਹਾਲੀ ਦੇ ਕਈ ਨਾਮੀ ਸਕੂਲਾਂ ਨੂੰ ਮੁੜ ਮਿਲੀ ਬੰਬ ਦੀ ਧਮਕੀ ;
Publish Date: Wed, 07 Oct 2026 08:40 PM (IST)
Updated Date: Wed, 07 Oct 2026 08:41 PM (IST)
ਇਲਾਕੇ ’ਚ ਦਹਿਸ਼ਤ, ਬੱਚੇ ਘਰ ਭੇਜੇ ਮਿਲੀ ਧਮਕੀ ਤੋਂ ਬਾਅਦ ਪੁਲਿਸ ਚੌਕਸ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸ਼ਹਿਰ ਦੇ ਕਈ ਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਇਕ ਵਾਰ ਮੁੜ ਪੂਰੇ ਇਲਾਕੇ ’ਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 71 ਸਥਿਤ ਪੈਰਾਗੋਨ ਸਕੂਲ, ਸ਼ਿਵਾਲਿਕ ਸਕੂਲ, ਵਿਵੇਕ ਹਾਈ ਸਕੂਲ ਅਤੇ ਫੇਜ਼ 2 ਸਥਿਤ ਗਿਆਨ ਜੋਤੀ ਸਕੂਲ ਨੂੰ ਈਮੇਲ/ਸੁਨੇਹਿਆਂ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਧਮਕੀਆਂ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ; ਇਸ ਤੋਂ ਪਹਿਲਾਂ ਵੀ ਮੁਹਾਲੀ ਅਤੇ ਟ੍ਰਾਈਸਿਟੀ (ਚੰਡੀਗੜ੍ਹ-ਮੁਹਾਲੀ-ਪੰਚਕੂਲਾ) ਦੇ ਕਈ ਵੱਡੇ ਸਕੂਲਾਂ, ਹਸਪਤਾਲਾਂ ਅਤੇ ਸਰਕਾਰੀ ਅਦਾਰਿਆਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਹਨ। ਹਾਲਾਂਕਿ ਪਿਛਲੀਆਂ ਜ਼ਿਆਦਾਤਰ ਧਮਕੀਆਂ ਜਾਂਚ ਦੌਰਾਨ ਅਫ਼ਵਾਹ ਹੀ ਸਾਬਤ ਹੋਈਆਂ ਸਨ, ਪਰ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਵੇਖਦੇ ਹੋਏ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਲਿਆ ਜਾ ਰਿਹਾ। ਮਾਪਿਆਂ ਨੂੰ ਭੇਜੇ ਸੁਨੇਹੇ ਧਮਕੀ ਮਿਲਦਿਆਂ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਕੂਲ ਪ੍ਰਬੰਧਕਾਂ ਵੱਲੋਂ ਇਹਤਿਆਤ ਵਜੋਂ ਤੁਰੰਤ ਪ੍ਰਭਾਵ ਨਾਲ ਸਕੂਲ ਕੰਪਲੈਕਸਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਕੂਲ ਪ੍ਰਸ਼ਾਸਨ ਵੱਲੋਂ ਮਾਪਿਆਂ ਨੂੰ ਤੁਰੰਤ ਮੈਸੇਜ ਭੇਜ ਕੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਮਾਪਿਆਂ ਨੂੰ ਭੇਜੇ ਗਏ ਸੁਨੇਹੇ ’ਚ ਕਿਹਾ ਗਿਆ ਕਿ ਅਚਾਨਕ ਸੁਰੱਖਿਆ ਚਿੰਤਾਵਾਂ ਕਾਰਨ ਸਕੂਲ ਵਿਚ ਛੁੱਟੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਪਣੇ ਨਿੱਜੀ ਵਾਹਨਾਂ ਰਾਹੀਂ ਬੱਚਿਆਂ ਨੂੰ ਛੱਡਣ ਅਤੇ ਲੈਣ ਆਉਣ ਵਾਲੇ ਮਾਪਿਆਂ ਨੂੰ ਤੁਰੰਤ ਸਕੂਲ ਤੋਂ ਬੱਚਿਆਂ ਨੂੰ ਪ੍ਰਾਪਤ ਕਰਨ ਲਈ ਕਿਹਾ ਗਿਆ। ਪੁਲਿਸ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਵੱਲੋਂ ਚੈਕਿੰਗ ਇਸ ਸਬੰਧੀ ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ, ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਸੁਰੱਖਿਆ ਏਜੰਸੀਆਂ ਨੇ ਮੌਕੇ ’ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ। ਪੁਲਿਸ ਅਤੇ ਸੁਰੱਖਿਆ ਟੀਮਾਂ ਵੱਲੋਂ ਸਕੂਲ ਪਰਿਸਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਧਮਕੀ ਭੇਜਣ ਵਾਲੇ ਆਈਪੀ ਐਡਰੈੱਸ ਤੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਅਫ਼ਵਾਹਾਂ ਤੋਂ ਬਚਣ ਦੀ ਅਪੀਲ ਡੀਐੱਸਪੀ ਹਰਸਿਮਰਨ ਸਿੰਘ ਬੱਲ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਸਰਚ ਅਭਿਆਨ ਲਗਾਤਾਰ ਜਾਰੀ ਹੈ। ਮਾਪਿਆਂ ਨੂੰ ਧੀਰਜ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਜਾਂ ਅਫ਼ਵਾਹ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਗਈ ਹੈ।