- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਨੀਕਰਨ ਦੇ ਕੰਮ ਕਾਰਨ ਲੱਗਿਆ ਕਈ ਕਿਲੋਮੀਟਰ ਲੰਮਾ ਜਾਮ,

ਦਫ਼ਤਰ ਜਾਣ ਵਾਲੇ ਲੋਕ ਹੋਏ ਖੱਜਲ-ਖੁਆਰ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਚੱਲ ਰਹੇ ਰੋਡ ਦੇ ਨਵੀਨੀਕਰਨ ਦੇ ਕੰਮ ਕਾਰਨ ਅੱਜ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕ ਦੀ ਮੁਰੰਮਤ ਕਾਰਨ ਮਾਰਗ ’ਤੇ ਲਗਭਗ 4 ਕਿਲੋਮੀਟਰ ਲੰਮਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਲੋਕ ਕਈ ਘੰਟਿਆਂ ਤੱਕ ਖੱਜਲ-ਖੁਆਰ ਹੁੰਦੇ ਰਹੇ।
ਦੁਸਹਿਰੇ ਦੇ ਤਿਉਹਾਰ ਦੀ ਛੁੱਟੀ ਤੋਂ ਬਾਅਦ ਜਦੋਂ ਲੋਕ ਵੱਡੀ ਗਿਣਤੀ ’ਚ ਆਪਣੇ ਦਫ਼ਤਰਾਂ ਅਤੇ ਕੰਮਕਾਰਾਂ ਲਈ ਨਿਕਲੇ ਤਾਂ ਉਨ੍ਹਾਂ ਨੂੰ ਸੜਕ ’ਤੇ ਲੱਗੇ ਲੰਮੇ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸਭ ਤੋਂ ਵੱਧ ਮੁਸ਼ਕਲ ਦੁਪਹੀਆ ਵਾਹਨ ਚਾਲਕਾਂ ਨੂੰ ਆਈ। ਜਦੋਂ ਇਸ ਸਬੰਧੀ ਦੱਪਰ ਟੋਲ ਪਲਾਜ਼ਾ ਦਾ ਪ੍ਰਬੰਧ ਕਰਨ ਵਾਲੀ ਜੀਐੱਮਆਰ ਕੰਪਨੀ ਦੇ ਪ੍ਰਬੰਧਕ ਇਕਬਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਰੋਡ ਦੀ ਰਿਕਾਰਪੇਟਿੰਗ ਕਰ ਰਹੇ ਠੇਕੇਦਾਰਾਂ ਨੂੰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਪਹਿਲਾਂ ਹੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਜਾਮ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਰੋਡ ’ਤੇ ਚੱਲਣ ਵਾਲੀਆਂ ਬੱਸਾਂ ਦੇ ਚਾਲਕ ਜਲਦਬਾਜ਼ੀ ਵਿਚ ਬੱਸਾਂ ਨੂੰ ਸੜਕ ਤੋਂ ਹੇਠਾਂ ਕੱਚੇ ਰਸਤੇ ਵਿਚ ਉਤਾਰ ਦਿੰਦੇ ਹਨ, ਜਿਸ ਨਾਲ ਧੂੜ-ਮਿੱਟੀ ਉੱਡਦੀ ਹੈ ਅਤੇ ਦੁਪਹੀਆ ਵਾਹਨ ਚਾਲਕਾਂ ਦੇ ਫਿਸਲ ਕੇ ਹਾਦਸਾਗ੍ਰਸਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਮੌਕੇ ’ਤੇ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਆਉਣ-ਜਾਣ ਵਾਲੇ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।