ਦੋ ਨੌਜਵਾਨ ਕਾਬੂ, ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਨਸ਼ਾ ਛਡਾਊ ਕੇਂਦਰ ਭੇਜਿਆ
ਡੋਪ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਨਸ਼ਾ ਛਡਾਊ ਕੇਂਦਰ ਭੇਜਿਆ
Publish Date: Sun, 18 Jan 2026 06:31 PM (IST)
Updated Date: Sun, 18 Jan 2026 06:34 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਬਲੌਂਗੀ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਹੌਲਦਾਰ ਗੁਰਤੇਜ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਕੁਝ ਨੌਜਵਾਨ ਨਸ਼ੇ ਦੇ ਆਦੀ ਹਨ ਅਤੇ ਖੇਤਰ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਆਜ਼ਾਦ ਨਗਰ, ਬਲੌਂਗੀ ਨੇੜੇ ਗੰਦੇ ਨਾਲ਼ੇ ਕੋਲੋਂ ਦੋ ਨੌਜਵਾਨਾਂ, ਅਮਿਤ (ਪੁੱਤਰ ਗੋਰਖ ਸਿੰਘ) ਅਤੇ ਰੋਹਿਤ (ਪੁੱਤਰ ਸੁਨੀਲ) ਨੂੰ ਕਾਬੂ ਕੀਤਾ। ਫੜੇ ਗਏ ਨੌਜਵਾਨਾਂ ਦਾ ਹਾਲ ਦੇਖ ਕੇ ਨਸ਼ਾ ਕੀਤੇ ਹੋਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੇ ਪੁਲਿਸ ਨੇ ਥਾਣਾ ਬਲੌਂਗੀ ਵਿਖੇ ਮੁਕੱਦਮਾ ਦਰਜ ਕੀਤਾ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਖਰੜ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਦੋਵਾਂ ਨੂੰ ਸੁਧਾਰ ਅਤੇ ਇਲਾਜ ਲਈ ਨਸ਼ਾ ਛਡਾਊ ਕੇਂਦਰ ਮੁਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।