ਮੁਹਾਲੀ ’ਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੁਹਾਲੀ ’ਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ
Publish Date: Wed, 09 Sep 2026 07:15 PM (IST)
Updated Date: Wed, 09 Sep 2026 07:16 PM (IST)
ਪੰਜਾਬ ਨੂੰ ਖੂਬਸੂਰਤ ਬਣਾਉਣ ਦਾ ਸੁਪਨਾ ਜਲਦੀ ਕੀਤਾ ਜਾਵੇਗਾ ਪੂਰਾ : ਮੇਅਰ ਸਮਾਣਾ ਮੁਹਾਲੀ ’ਚ ਬਲੌਂਗੀ ਵਾਲੇ ਪਾਸਿਓਂ ਐਂਟਰੀ ਪੁਆਇੰਟ ’ਤੇ ਚਲਾਇਆ ਸਫ਼ਾਈ ਅਭਿਆਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਮੇਅਰ ਸਰਬਜੀਤ ਸਿੰਘ ਸਮਾਣਾ ਦੀ ਅਗਵਾਈ ਹੇਠ ਮੁਹਾਲੀ ਵਿਚ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਮੇਅਰ ਨੇ ਉਨ੍ਹਾਂ ਸਾਰੀਆਂ ਥਾਵਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਜਿੱਥੇ-ਜਿੱਥੇ ਗੰਦਗੀ ਫੈਲੀ ਹੋਈ ਸੀ। ਇਸ ਮਗਰੋਂ ਉਨ੍ਹਾਂ ਨੇ ਸ਼ਹਿਰ ਦੇ ਐਂਟਰੀ ਪੁਆਇੰਟ ’ਤੇ ਬਲੌਂਗੀ ਪੁਲ ਨੇੜੇ ਲੱਗੇ ਕੂੜੇ ਦੇ ਢੇਰ ਚੁਕਵਾ ਕੇ ਪੂਰੀ ਤਰ੍ਹਾਂ ਸਫ਼ਾਈ ਕਰਵਾਈ ਗਈ। ਇਸ ਮੌਕੇ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕੌਂਸਲਰ ਕੁਲਦੀਪ ਸਿੰਘ ਬਿੱਟੂ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ ਸਮੇਤ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੁਹਾਲੀ ਵਿਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪਹਿਲਾਂ ਬਲਿਆਲੀ, ਏਅਰਪੋਰਟ ਸੜਕ ’ਤੇ ਸਫ਼ਾਈ ਮੁਹਿੰਮ ਵਿੱਢੀ ਗਈ ਸੀ। ਅੱਜ ਬਲੌਂਗੀ-ਸ਼ਾਹੀਮਾਜਰਾ ਸੜਕ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਮੇਅਰ ਸਰਬਜੀਤ ਸਮਾਣਾ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਮਿਸ਼ਨ ਕਲੀਨ ਪੰਜਾਬ’ ਨੂੰ ਲੋਕ ਲਹਿਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ’ਚ ਨਗਰ ਨਿਗਮ ਦਾ ਸਹਿਯੋਗ ਕਰਨ। ਬਾਕਸ ਗੰਦਗੀ ਫੈਲਾਉਣ ਵਾਲਿਆਂ ’ਤੇ ਰੱਖੀ ਜਾ ਰਹੀ ਹੈ ਨਜ਼ਰ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੁਹਾਲੀ ’ਚ ਗੰਦਗੀ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ-ਨਾਲ ਲੋੜ ਪੈਣ ’ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕੁਝ ਲੋਕ ਆਪਣੇ ਘਰਾਂ ਜਾਂ ਹੋਰ ਥਾਵਾਂ ਤੋਂ ਕੂੜਾ ਲਿਆ ਕੇ ਖੁੱਲ੍ਹੀਆਂ ਅਤੇ ਜਨਤਕ ਥਾਵਾਂ ’ਤੇ ਸੁੱਟ ਦਿੰਦੇ ਹਨ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ’ਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।