ਵਾਰਡ ਨੰਬਰ 10 ’ਚ ਮਾਮੇ-ਭਾਣਜੇ ਵਿਚਾਲੇ ਹੱਥੋਂਪਾਈ, ਵੀਡੀਓ ਵਾਇਰਲ ਵਾਰਡ ਨੰਬਰ 10 ਵਿੱਚ ਮਾਮੇ-ਭਾਣਜੇ ਵਿਚਾਲੇ ਹੱਥੋਂਪਾਈ , ਵੀਡੀਓ ਵਾਇਰਲ
Publish Date: Sat, 10 Oct 2026 08:30 PM (IST)
Updated Date: Sat, 10 Oct 2026 08:32 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਾਰਡ ਨੰਬਰ 10 ਵਿੱਚ ਭਾਜਪਾ ਦੇ ਸੰਭਾਵੀ ਉਮੀਦਵਾਰ ਦਵਿੰਦਰ ਸਿੰਘ ਬਬਲਾ ਅਤੇ ਉਨ੍ਹਾਂ ਦੇ ਭਾਣਜੇ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਣਜੋਤ ਰੌਨੀ ਵਿਚਾਲੇ ਵਿਵਾਦ ਹੋ ਗਿਆ। ਸੈਕਟਰ-27ਡੀ ਵਿੱਚ ਸੜਕ ਬਣਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੱਥੋਪਾਈ ਅਤੇ ਧੱਕਾ-ਮੁੱਕੀ ਤੱਕ ਪਹੁੰਚ ਗਿਆ। ਘਟਨਾ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ। ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਕੁੱਟਮਾਰ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਹਨ। ਭਾਜਪਾ ਆਗੂ ਦਵਿੰਦਰ ਸਿੰਘ ਬਬਲਾ ਨੇ ਕਾਂਗਰਸੀ ਆਗੂ ’ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਕੁੱਟਮਾਰ ਕਰਕੇ ਉਨ੍ਹਾਂ ਦੇ ਕੱਪੜੇ ਪਾੜਨ ਦੇ ਦੋਸ਼ ਲਾਏ ਹਨ। ਸੈਕਟਰ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੀ ਕਾਂਗਰਸੀ ਆਗੂ ਵਿਰੁੱਧ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਦਵਿੰਦਰ ਸਿੰਘ ਬਬਲਾ ਦੀ ਪਤਨੀ ਅਤੇ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਵਾਰਡ ਦੀ ਮੌਜੂਦਾ ਕੌਂਸਲਰ ਹਨ। ਹਰਪ੍ਰੀਤ ਕੌਰ ਬਬਲਾ ਅਨੁਸਾਰ, ਫੰਡਾਂ ਦੀ ਘਾਟ ਕਾਰਨ ਇਲਾਕੇ ਵਿੱਚ ਸੜਕਾਂ ਦਾ ਕੰਮ ਰੁਕਿਆ ਹੋਇਆ ਸੀ। ਹੁਣ ਜਦੋਂ ਕੰਮ ਸ਼ੁਰੂ ਹੋਇਆ ਤਾਂ ਵਿਵਾਦ ਪੈਦਾ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਵਾਦ ਕਰਨ ਵਾਲਾ ਵਿਅਕਤੀ ਇਸ ਸੈਕਟਰ ਦਾ ਵਸਨੀਕ ਵੀ ਨਹੀਂ ਹੈ। ਦਵਿੰਦਰ ਸਿੰਘ ਬਬਲਾ ਨੇ ਦੱਸਿਆ ਕਿ ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰ (ਜੇਈ) ਦਾ ਫੋਨ ਆਇਆ ਸੀ ਕਿ ਸੜਕ ਬਣਾਉਣ ਦਾ ਕੰਮ ਨਹੀਂ ਹੋਣ ਦਿੱਤਾ ਜਾ ਰਿਹਾ। ਵਿਵਾਦ ਕਾਰਨ ਠੇਕੇਦਾਰ ਵੀ ਮੌਕੇ ਤੋਂ ਵਾਪਸ ਚਲਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅੱਗੇ ਲੋੜੀਂਦੇ ਕਦਮ ਚੁੱਕੇ ਜਾਣਗੇ। ਰਣਜੋਤ ਰੌਨੀ ਨੇ ਦੂਜੀ ਧਿਰ ’ਤੇ ਲਾਏ ਦੋਸ਼ ਦੂਜੇ ਪਾਸੇ, ਕਾਂਗਰਸੀ ਆਗੂ ਰਣਜੋਤ ਰੌਨੀ ਨੇ ਕਿਹਾ ਕਿ ਉਨ੍ਹਾਂ ਨੇ ਹੀ ਪੁਲਿਸ ਨੂੰ 112 ਨੰਬਰ ’ਤੇ ਫੋਨ ਕਰਕੇ ਮੌਕੇ ’ਤੇ ਬੁਲਾਇਆ ਸੀ। ਉਨ੍ਹਾਂ ਅਨੁਸਾਰ, ਵਾਰਡ ਦੇ ਲੋਕ ਇਲਾਕੇ ਵਿੱਚ ਕੰਮ ਨਾ ਹੋਣ ਦੀ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਫੋਨ ਕਰਦੇ ਰਹਿੰਦੇ ਹਨ। ਐਤਵਾਰ ਨੂੰ ਸੰਸਦ ਮੈਂਬਰ ਦੇ ਇੱਥੇ ਆਉਣ ਦਾ ਪ੍ਰੋਗਰਾਮ ਹੈ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਗਿੱਲੀ ਜਗ੍ਹਾ ’ਤੇ ਸੜਕ ਬਣਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਉਹ ਇਸੇ ਸਬੰਧੀ ਗੱਲ ਕਰ ਰਹੇ ਸਨ ਕਿ ਬਬਲਾ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ। ਰਣਜੋਤ ਰੌਨੀ ਨੇ ਦੋਸ਼ ਲਾਇਆ ਕਿ ਵੀਡੀਓ ਵਿੱਚ ਪੂਰੀ ਘਟਨਾ ਦਰਜ ਹੈ। ਜੇਕਰ ਉਨ੍ਹਾਂ ਦੀ ਕੋਈ ਗਲਤੀ ਹੈ ਤਾਂ ਉਹ ਹੱਥ ਜੋੜ ਕੇ ਮੁਆਫ਼ੀ ਮੰਗਣ ਲਈ ਤਿਆਰ ਹਨ, ਪਰ ਜੇਕਰ ਗਲਤੀ ਨਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਧਰਨੇ ’ਤੇ ਬੈਠਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਬਲਾ ਨੇ ਉਨ੍ਹਾਂ ’ਤੇ ਦਬਾਅ ਬਣਾਉਣ ਅਤੇ ਚੋਣ ਲੜਨ ਤੋਂ ਰੋਕਣ ਲਈ ਪਹਿਲਾਂ ਹੀ ਦੋ ਮਾਮਲੇ ਦਰਜ ਕਰਵਾਏ ਹੋਏ ਹਨ। ਦੂਜੀ ਧਿਰ ਵੱਲੋਂ ਬਬਲਾ ਦੇ ਪੁੱਤਰ ’ਤੇ ਵੀ ਰਿਵਾਲਵਰ ਕੱਢਣ ਦਾ ਦੋਸ਼ ਲਾਇਆ ਗਿਆ ਹੈ। ਫਿਲਹਾਲ, ਇਸ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹਨ ਅਤੇ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਾ ਰਹੀਆਂ ਹਨ।