ਖੁੱਲ੍ਹੇ ਮੈਨਹੋਲ ’ਚ ਫਸੀ ਸਕਾਰਪੀਓ, ਵੱਡਾ ਹਾਦਸਾ ਟਲਿਆ ਖੁੱਲ੍ਹੇ ਮੈਨਹੋਲ ’ਚ ਫਸੀ ਸਕਾਰਪੀਓ, ਵੱਡਾ ਹਾਦਸਾ ਟਲਿਆ, ਪ੍ਰਸ਼ਾਸਨ ਪ੍ਰਤੀ ਲੋਕਾਂ ’ਚ ਰੋਸ
Publish Date: Fri, 13 Nov 2026 06:22 PM (IST)
Updated Date: Fri, 13 Nov 2026 06:24 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਸ਼ਹਿਰ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਗੁਲਾਬਗੜ੍ਹ ਰੋਡ ਤੇ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਗੁਲਾਬਗੜ੍ਹ ਰੋਡ ਤੇ ਸਥਿਤ ‘ਸਾਈਨ ਕੇਕ’ ਦੀ ਦੁਕਾਨ ਦੇ ਸਾਹਮਣੇ ਸੜਕ ਵਿਚਕਾਰ ਬਣੇ ਇਕ ਖੁੱਲ੍ਹੇ ਮੈਨਹੋਲ ’ਚ ਅਚਾਨਕ ਸਕਾਰਪੀਓ ਗੱਡੀ ਦਾ ਟਾਇਰ ਫਸ ਗਿਆ। ਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਘਟਨਾ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੌਕੇ ’ਤੇ ਮੌਜੂਦ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਮੈਨਹੋਲ ਪਿਛਲੇ ਕਾਫ਼ੀ ਸਮੇਂ ਤੋਂ ਬਿਨਾਂ ਢੱਕਣ ਤੋਂ ਖੁੱਲ੍ਹਾ ਪਿਆ ਹੈ, ਜੋ ਕਿ ਸਿੱਧੇ ਤੌਰ ਤੇ ਰਾਹਗੀਰਾਂ ਲਈ ਮੌਤ ਦਾ ਖੂਹ ਬਣਿਆ ਹੋਇਆ ਹੈ। ਅੱਜ ਜਦੋਂ ਇਕ ਸਕਾਰਪੀਓ ਚਾਲਕ ਇੱਥੋਂ ਲੰਘ ਰਿਹਾ ਸੀ ਤਾਂ ਸੜਕ ’ਤੇ ਖੁੱਲ੍ਹੇ ਪਏ ਇਸ ਮੈਨਹੋਲ ਦਾ ਅੰਦਾਜ਼ਾ ਨਾ ਲੱਗਣ ਕਾਰਨ ਗੱਡੀ ਦਾ ਅਗਲਾ ਟਾਇਰ ਇਸ ’ਚ ਜਾ ਧੱਸਿਆ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਬੜੀ ਮੁਸ਼ੱਕਤ ਨਾਲ ਗੱਡੀ ਨੂੰ ਬਾਹਰ ਕੱਢਿਆ। ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗੁਲਾਬਗੜ੍ਹ ਰੋਡ ’ਤੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਸਕੂਲੀ ਬੱਚੇ ਵੀ ਇਸੇ ਰਸਤੇ ਤੋਂ ਲੰਘਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਖੁੱਲ੍ਹੇ ਮੈਨਹੋਲ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਰਾਤ ਦੇ ਹਨੇਰੇ ’ਚ ਦੁਪਹੀਆ ਵਾਹਨ ਚਾਲਕਾਂ ਲਈ ਇਹ ਖੁੱਲ੍ਹਾ ਮੈਨਹੋਲ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮੈਨਹੋਲ ਤੇ ਤੁਰੰਤ ਮਜ਼ਬੂਤ ਢੱਕਣ ਲਗਵਾਇਆ ਜਾਵੇ ਅਤੇ ਸ਼ਹਿਰ ਦੀਆਂ ਹੋਰ ਸੜਕਾਂ ਤੇ ਖੁੱਲ੍ਹੇ ਪਏ ਮੈਨਹੋਲਾਂ ਦੀ ਵੀ ਸਾਰ ਲਈ ਜਾਵੇ, ਤਾਂ ਜੋ ਭਵਿੱਖ ’ਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।