ਮੇਅਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਮਗਰੋਂ ਸਫ਼ਾਈ ਸੇਵਕਾਂ ਦੀ ਹੜਤਾਲ ਮੁਲਤਵੀ, ਕੰਮ ਸ਼ੁਰੂ ਮੇਅਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਮਗਰੋਂ ਸਫ਼ਾਈ ਸੇਵਕਾਂ ਦੀ ਹੜਤਾਲ ਮੁਲਤਵੀ
Publish Date: Wed, 16 Sep 2026 10:07 PM (IST)
Updated Date: Thu, 17 Sep 2026 04:09 AM (IST)
ਫੋਟੋ ਕੈਪਸ਼ਨ: ਸਫ਼ਾਈ ਸੇਵਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਮੇਅਰ ਸਰਬਜੀਤ ਸਿੰਘ ਸਮਾਣਾ ਤੇ ਹੋਰ। 43ਪੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸ਼ਹਿਰ ’ਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਬੁੱਧਵਾਰ ਨੂੰ ਛੇਵੇਂ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕਾਂ ਵੱਲੋਂ ਆਈਟੀ ਸਿਟੀ ਸੈਕਟਰ-66ਬੀ ਵੱਲ ਰੋਸ ਮਾਰਚ ਕਰਨ ਦੇ ਐਲਾਨ ਮਗਰੋਂ ਐੱਸਐੱਸਪੀ ਨੇ ਨਿੱਜੀ ਦਖ਼ਲ ਦਿੰਦਿਆਂ ਮਸਲੇ ਦੇ ਹੱਲ ਲਈ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਡਿਊਟੀ ਲਗਾਈ ਗਈ। ਜਿਨ੍ਹਾਂ ਹੜਤਾਲੀ ਸਫ਼ਾਈ ਸੇਵਕਾਂ ਅਤੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਮੋਹਰੀ ਆਗੂਆਂ ਦੀ ਮੇਅਰ ਸਰਬਜੀਤ ਸਿੰਘ ਸਮਾਣਾ ਅਤੇ ਕਮਿਸ਼ਨਰ ਸੰਦੀਪ ਸਿੰਘ ਨਾਲ ਮੀਟਿੰਗ ਕਰਵਾਈ। ਮੀਟਿੰਗ ’ਚ ਚੀਫ਼ ਇੰਜੀਨੀਅਰ ਨਰੇਸ਼ ਬੱਤਾ, ਕਮਲਦੀਪ ਸਿੰਘ ਅਤੇ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਅਨਿਲ ਕੁਮਾਰ, ਪ੍ਰਧਾਨ ਰਾਜਨ, ਕੰਨਨ, ਮੋਹਿਤ, ਯਸ਼ਪਾਲ, ਪਰਵਿੰਦਰ ਸਿੰਘ, ਅੰਸੂਲ, ਰਾਜੁ ਸੰਗੇਲਿਆ, ਸਚਿਨ ਪੁਹਾਲ ਸ਼ਾਮਲ ਹੋਏ। ਮੀਟਿੰਗ ਬੜੇ ਸੁਖਾਵੇਂ ਮਾਹੌਲ ’ਚ ਹੋਈ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਠੇਕੇਦਾਰਾਂ ਰਾਹੀਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਦੀਆਂ ਪੰਜ ਮਹੀਨੇ ਦੀਆਂ ਤਨਖ਼ਾਹਾਂ ਇਕ ਹਫ਼ਤੇ ਦੇ ਅੰਦਰ-ਅੰਦਰ ਦਿਵਾਉਣ, ਨਾਜਾਇਜ਼ ਹਟਾਏ ਗਏ ਚਾਰ ਸਫ਼ਾਈ ਸੇਵਕਾਂ ਨੂੰ ਡਿਊਟੀਆਂ ’ਤੇ ਬਹਾਲ ਕਰਨ, ਸਫ਼ਾਈ ਸੇਵਕਾਂ ਦੇ ਈਐਸਆਈ ਦੇ ਪੈਸੇ ਜਮ੍ਹਾਂ ਕਰਾਉਣ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਵਿਰੋਧੀ ਧਿਰ ਦੇ ਕੌਂਸਲਰ ਵੱਲੋਂ ਆਪਣੇ ਪੱਧਰ ’ਤੇ ਲਗਾਏ ਗਏ ਨਵੇਂ ਬੰਦਿਆਂ ਨੂੰ ਹਟਾਉਣ ਦਾ ਭਰੋਸਾ ਦਿੱਤਾ। ਉਪਰੋਕਤ ਮੰਗਾਂ ’ਤੇ ਆਪਸੀ ਸਹਿਮਤੀ ਬਣਨ ਮਗਰੋਂ ਸਫ਼ਾਈ ਸੇਵਕਾਂ ਨੇ ਹੜਤਾਲ ਮੁਲਤਵੀ ਕਰਨ ਦਾ ਐਲਾਨ ਕੀਤਾ। ਆਈਟੀ ਸਿਟੀ ਵਿਚ ਨਵੇਂ ਬੰਦਿਆਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਅਤੇ ਘਰ-ਘਰ ਕੂੜਾ ਚੁੱਕਣ ਦੀ ਪੁਰਾਣੀ ਵਿਵਸਥਾ ਚਾਲੂ ਰੱਖਣ ਦੇ ਆਦੇਸ਼ ਦਿੱਤੇ ਗਏ ਅਤੇ ਨਵੇਂ ਬੰਦਿਆਂ ਨੂੰ ਹਟਾਉਣ ਲਈ ਡੀਐਸਪੀ ਹਰਸਿਮਰਨ ਸਿੰਘ ਬੱਲ ਨੂੰ ਜ਼ਿੰਮੇਵਾਰੀ ਸੌਂਪੀ ਗਈ। ਆਗੂਆਂ ਨੇ ਕਿਹਾ ਕਿ ਜੇਕਰ ਆਈਟੀ ਸਿਟੀ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਮੇਅਰ, ਕਮਿਸ਼ਨਰ ਅਤੇ ਡੀਐਸਪੀ ਅਤੇ ਲੋਕਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਹੜਤਾਲ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਹੜਤਾਲ ਕਾਰਨ ਸ਼ਹਿਰ ਵਾਸੀਆਂ ਨੂੰ ਆਈਆਂ ਮੁਸ਼ਕਲਾਂ ਲਈ ਖ਼ਿਮਾਂ ਯਾਚਨਾ ਕੀਤੀ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਹੜਤਾਲ ਨਹੀਂ ਕਰਨਾ ਚਾਹੁੰਦੇ ਪ੍ਰੰਤੂ ਕਈ ਵਾਰ ਉਨ੍ਹਾਂ ਦੀ ਮਜ਼ਬੂਰੀ ਬਣ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਾਰੇ ਸਫ਼ਾਈ ਸੇਵਕ ਪਹਿਲਾਂ ਵਾਂਗ ਆਪਣਾ ਕੰਮ ਕਰਨਗੇ ਅਤੇ ਸ਼ਹਿਰ ਦੀ ਸਫ਼ਾਈ ਯਕੀਨੀ ਬਣਾਉਣਗੇ।