ਸਫ਼ਾਈ ਸੇਵਕਾਂ ਵੱਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਘਰ ਮੂਹਰੇ ਕੂੜਾ ਸੁੱਟਣ ਦਾ ਐਲਾਨ ਸਫ਼ਾਈ ਸੇਵਕਾਂ ਵੱਲੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਘਰ ਮੂਹਰੇ ਕੂੜਾ ਸੁੱਟਣ ਦਾ ਐਲਾਨ
Publish Date: Wed, 09 Sep 2026 08:35 PM (IST)
Updated Date: Wed, 09 Sep 2026 08:37 PM (IST)
ਅਕਾਲੀ ਕੌਂਸਲਰ ’ਤੇ ਨਿਯਮਾਂ ਦੇ ਉਲਟ ਆਪਣੇ ਪੱਧਰ ’ਤੇ ਸਫ਼ਾਈ ਦਾ ਠੇਕਾ ਦੇਣ ਦਾ ਦੋਸ਼ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਸਫ਼ਾਈ ਕਾਮਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀਆਂ ਵਧੀਕੀਆਂ ਦਾ ਗੰਭੀਰ ਨੋਟਿਸ ਲੈਂਦਿਆਂ 11 ਸਤੰਬਰ ਨੂੰ ਹੜਤਾਲ ’ਤੇ ਜਾਣ ਅਤੇ ਇਸ ਦੌਰਾਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੇ ਘਰ ਮੂਹਰੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਵਾਲਮੀਕਿ ਸਮਾਜ ਸਬੰਧਤ ਸਫ਼ਾਈ ਸੇਵਕਾਂ, ਗਾਰਬੇਜ ਕੁਲੈਕਟਰਾਂ ਦੀ ਬੁੱਧਵਾਰ ਨੂੰ ਫੇਜ਼-9 ਦੇ ਪਾਰਕ ਵਿਖੇ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਮੀਟਿੰਗ ਵਿਚ ਲਿਆ ਗਿਆ। ਇਸ ’ਚ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਅਨਿਲ ਕੁਮਾਰ, ਰਾਜੂ ਸੰਗੇਲਿਆ, ਰੋਸ਼ਨ ਲਾਲ, ਮੋਹਿਤ, ਬਿੰਦਰ ਸਿੰਘ ਆਦਿ ਆਗੂ ਵੱਡੀ ਗਿਣਤੀ ’ਚ ਸ਼ਾਮਲ ਹੋਏ। ਫੈਡਰੇਸ਼ਨ ਆਗੂ ਪਵਨ ਗੋਡਯਾਲ ਨੇ ਦੱਸਿਆ ਕਿ ਆਈਟੀ ਸਿਟੀ ਸੈਕਟਰ-66-ਬੀ ਤੋਂ ਅਕਾਲੀ ਦਲ ਦੇ ਕੌਂਸਲਰ ਹਰਵਿੰਦਰ ਸਿੰਘ ਵੱਲੋਂ ਨਿਯਮਾਂ ਦੇ ਉਲਟ ਆਪਣੇ ਚਹੇਤੇ ਬੰਦਿਆਂ ਨੂੰ ਘਰ-ਘਰ ਕੂੜਾ ਚੁੱਕਣ ਦਾ ਠੇਕਾ ਦਿੱਤਾ ਗਿਆ ਹੈ। ਸਫ਼ਾਈ ਸੇਵਕਾਂ ਨੇ ਕਿਹਾ ਕਿ ਕੌਂਸਲਰ ਵੱਲੋਂ ਆਪਣੇ ਲੈਟਰਹੈੱਡ ’ਤੇ ਘਰਾਂ ਦਾ ਕੂੜਾ ਚੁੱਕਣ ਲਈ ਬਕਾਇਕਾ ਐਗਰੀਮੈਂਟ ਕੀਤਾ ਗਿਆ ਹੈ ਜਿਸ ਕਾਰਨ ਉੱਥੇ ਪਹਿਲਾਂ ਤੋਂ ਸਫ਼ਾਈ ਦਾ ਕੰਮ ਕਰਦੇ ਸਫ਼ਾਈ ਸੇਵਕਾਂ ਨੂੰ ਹਟਾ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਵਾਲਮੀਕਿ ਸਮਾਜ ’ਚ ਰੋਸ ਫੈਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮੇਅਰ ਅਤੇ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਅਤੇ ਹੜਤਾਲ ਦਾ ਨੋਟਿਸ ਦਿੱਤਾ ਗਿਆ ਸੀ। ਲੇਕਿਨ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਉਪਰੋਕਤ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਦੂਜੇ ਪਾਸੇ, ਨਗਰ ਨਿਗਮ ਵੱਲੋਂ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਮੇਂ ’ਚ ਬਿਮਾਰੀ ਜਾਂ ਘਰੇਲੂ ਕਾਰਨ 2-3 ਮਹੀਨੇ ਤੋਂ ਗੈਰ-ਹਾਜ਼ਰ ਚਾਰ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤ ਸਫ਼ਾਈ ਸੇਵਕਾਂ ਨੂੰ ਮੂੜ ਡਿਊਟੀਆਂ ’ਤੇ ਰੱਖਿਆ ਜਾਵੇ ਅਤੇ ਅਕਾਲੀ ਕੌਂਸਲਰ ਵੱਲੋਂ ਨਿਯਮਾਂ ਦੇ ਖ਼ਿਲਾਫ਼ ਆਪਣੇ ਪੱਧਰ ’ਤੇ ਕੂੜਾ ਚੁੱਕਣ ਦਾ ਦਿੱਤਾ ਠੇਕਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿਚ ਨਿਗਮ ਪ੍ਰਸ਼ਾਸਨ ਨੇ ਠੋਸ ਕਾਰਵਾਈ ਨਾ ਕੀਤੀ ਤਾਂ 11 ਸਤੰਬਰ ਤੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਹੜਤਾਲ ਦੇ ਪਹਿਲੇ ਦਿਨ ਅਕਾਲੀ ਦਲ ਦੇ ਹਲਕਾ ਇੰਚਾਰਜ ਦੇ ਘਰ ਮੂਹਰੇ ਸੁੱਟ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਫਿਰ ਵੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟਿਆ ਜਾਵੇਗਾ। ਇਸ ਮਗਰੋਂ ਹੋਰ ਗੁਪਤ ਐਕਸ਼ਨ ਕੀਤੇ ਜਾਣਗੇ। ਕੂੜਾ ਚੁੱਕਣ ਵਾਲੀ ਔਰਤ ਦੇ ਮਾੜੇ ਵਤੀਰੇ ਕਾਰਨ ਚੁੱਕਣਾ ਪਿਆ ਇਹ ਕਦਮ : ਕੌਂਸਲਰ ਅਕਾਲੀ ਦਲ ਦੇ ਕੌਂਸਲਰ ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਖੇਤਰ ਵਿਚ ਘਰਾਂ ’ਚੋਂ ਕੂੜਾ ਚੁੱਕਣ ਵਾਲੀ ਮਹਿਲਾ ਵਰਕਰ ਦਾ ਕੰਮ ਤਸੱਲੀਬਖ਼ਸ਼ ਨਹੀਂ ਸੀ। ਉਹ ਪੈਸੇ ਵੀ ਫਲੋਰ ਵਾਈਜ ਵੱਧ ਲੈਂਦੀ ਸੀ ਅਤੇ ਲੋਕਾਂ ਨਾਲ ਉਸ ਦਾ ਵਤੀਰਾ ਵੀ ਠੀਕ ਨਹੀਂ ਸੀ। ਜਿਸ ਕਾਰਨ ਸਥਾਨਕ ਲੋਕ ਕਾਫ਼ੀ ਔਖੇ ਸਨ। ਕੌਂਸਲਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਉਸ ਖ਼ਿਲਾਫ਼ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਮਜਬੂਰੀਵੱਸ ਇਹ ਕਦਮ ਚੁੱਕਣਾ ਪਿਆ ਹੈ। ਅਕਾਲੀ ਆਗੂ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਘਰਘਰ ਕੂੜਾ ਚੁੱਕਣ ਦਾ ਕੰਮ ਸੌਪਿਆ ਗਿਆ ਹੈ, ਉਨ੍ਹਾਂ ਨਾਲ ਬਾਕਾਇਦਾ ਐਗਰਮੈਂਟ ਕਰਕੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ਵਾਲੇ ਪਹਿਲਾਂ ਤਿੰਨ ਫਲੋਰਾਂ ਦਾ 500 ਰੁਪਏ ਲੈਂਦੇ ਸੀ ਲੇਕਿਨ ਨਵੇਂ ਸਫ਼ਾਈ ਕਾਮਿਆਂ ਲਈ ਪ੍ਰਤੀ ਘਰ 130 ਰੁਪਏ ਤੈਅ ਕੀਤੇ ਗਏ ਹਨ।