ਸਫ਼ਾਈ ਮੁਲਾਜ਼ਮਾਂ ਵੱਲੋਂ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਸਫ਼ਾਈ ਮੁਲਾਜ਼ਮਾਂ ਵੱਲੋਂ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ,
Publish Date: Sat, 04 Apr 2026 07:23 PM (IST)
Updated Date: Sat, 04 Apr 2026 07:25 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਗਮਾਡਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਸ਼ਨਿਚਰਵਾਰ ਨੂੰ ਨਗਰ ਨਿਗਮ ਭਵਨ ਸੈਕਟਰ 68 ਵਿਖੇ ਹੋਈ ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਬੈਠਕ ਵਿਚ ਲਿਆ ਗਿਆ। ਜਿਸ ਤਹਿਤ ਸਫ਼ਾਈ ਕਰਮਚਾਰੀ 6 ਅਪ੍ਰੈਲ ਨੂੰ ਮੁੱਲਾਂਪੁਰ ਗਰੀਬਦਾਸ ਸਥਿਤ ਈਕੋ ਸਿਟੀ-1 ਅਤੇ 7 ਅਪ੍ਰੈਲ ਨੂੰ ਗਮਾਡਾ ਦਫ਼ਤਰ ਦੇ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕਰਨਗੇ। ਪੰਜਾਬ ਸਫ਼ਾਈ ਮਜ਼ਦੂਰ ਫੈੱਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਕਿਹਾ ਕਿ ਗਮਾਡਾ ਵੱਲੋਂ ਮੁੱਲਾਂਪੁਰ ਗਰੀਬਦਾਸ ਈਕੋ ਸਿਟੀ-1 ਵਿਖੇ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਗ਼ਰੀਬ ਵਿਰੋਧੀ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਆਉਂਦੇ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਦੇ ਠੇਕੇ ਦੇਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਸਫ਼ਾਈ ਸੇਵਕਾਂ ਅਤੇ ਵਾਲਮੀਕਿ ਸਮਾਜ ਵੱਲੋਂ ਕੀਤੇ ਗਏ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਉਪਰੰਤ ਮੁਹਾਲੀ ਨਗਰ ਨਿਗਮ ਸਮੇਤ ਜਲੰਧਰ ਨਗਰ ਨਿਗਮ ਪਟਿਆਲਾ ਨਗਰ ਨਿਗਮ ਅਤੇ ਲੁਧਿਆਣਾ ਨਗਰ ਨਿਗਮ ਵਿਖੇ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਕੰਮ ਫਿਲਹਾਲ ਰੋਕ ਦਿੱਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਇਕੋ ਸਿਟੀ-1 ਵਿਚ ਡੋਰ-ਟੂ-ਡੋਰ ਕੂੜਾ ਚੁੱਕਣ ਲਈ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਨਹੀਂ ਦੇਣ ਦਿੱਤਾ ਜਾਵੇਗਾ। ਜੇਕਰ ਗਮਾਡਾ ਨੇ ਗਰੀਬ ਮਜ਼ਦੂਰ ਵਿਰੋਧੀ ਆਪਣਾ ਇਹ ਫ਼ਸੈਲਾ ਵਾਪਸ ਨਾ ਲਿਆ ਤਾਂ 6 ਅਪ੍ਰੈਲ ਨੂੰ ਈਕੋ ਸਿਟੀ-1 ਵਿਖੇ ਠੇਕੇਦਾਰ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਅਤੇ 7 ਅਪ੍ਰੈਲ ਨੂੰ ਸਫ਼ਾਈ ਦਾ ਕੰਮ ਬੰਦ ਕਰ ਕੇ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਪੈਦਾ ਹੋਏ ਹਾਲਾਤਾਂ ਦੀ ਸਾਰੀ ਜ਼ਿੰਮੇਵਾਰੀ ਗਮਾਡਾ ਪ੍ਰਸ਼ਾਸਨ ਦੀ ਹੋਵੇਗੀ। ਬੈਠਕ ਵਿਚ ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆਂ, ਬ੍ਰਿਜ ਮੋਹਨ, ਰਾਜੂ ਸੰਗੇਲਿਆ, ਸਚਿਨ ਕੁਮਾਰ, ਅਤੇ ਜ਼ੀਰਕਪੁਰ ਤੋਂ ਰਾਜੇਸ਼ ਕਾਂਗੜਾ, ਰਾਜੇਸ਼ ਬਿਡਲਾ, ਨਿਆਗਾਓਂ ਤੋਂ ਜੈਪਾਲ ਅਤੇ ਖਰੜ ਤੋਂ ਬਲਿੰਦਰ ਸਿੰਘ, ਬਲਕੇਸ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸ਼ਮੂਲੀਅਤ ਕੀਤੀ।