ਸੰਗਰੂਰ ਰੈਲੀ ਕਾਂਗਰਸ ਦੀ ਮਜ਼ਬੂਤੀ ਦਾ ਸੁਨੇਹਾ ਦੇਵੇਗੀ : ਬਲਜੀਤ ਕੌਰ ਸੰਗਰੂਰ ਰੈਲੀ ਕਾਂਗਰਸ ਦੀ ਮਜ਼ਬੂਤੀ ਦਾ ਸੁਨੇਹਾ ਦੇਵੇਗੀ : ਬਲਜੀਤ ਕੌਰ
Publish Date: Fri, 30 Oct 2026 08:21 PM (IST)
Updated Date: Fri, 30 Oct 2026 08:22 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਪੰਜਾਬ ਦੀ ਸਿਆਸਤ ਵਿਚ ਇਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ। ਇਸ ਰੈਲੀ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਦੇ ਹੱਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਅਤੇ ਆਮ ਵਰਗ ਦੀਆਂ ਸਮੱਸਿਆਵਾਂ ਨੂੰ ਉਠਾਉਣ ਲਈ ਇਕ ਵੱਡਾ ਮੰਚ ਬਣੇਗੀ। ਬਲਜੀਤ ਕੌਰ ਨੇ ਕਿਹਾ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇਕਜੁੱਟ ਹੋ ਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕਰ ਰਹੀ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਪਾਰਟੀ ਵਰਕਰਾਂ ਨੂੰ ਹੋਰ ਉਤਸ਼ਾਹ ਮਿਲੇਗਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਗੜਦੀ ਕਾਨੂੰਨ-ਵਿਵਸਥਾ ਅਤੇ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਚਿੰਤਤ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਨੇਕਾਂ ਸਵਾਲ ਖੜ੍ਹੇ ਹੋ ਰਹੇ ਹਨ। ਬਲਜੀਤ ਕੌਰ ਨੇ ਕਿਹਾ ਕਿ “4 ਨਵੰਬਰ ਦੀ ਰੈਲੀ ਸਿਰਫ਼ ਇਕ ਸਿਆਸੀ ਇਕੱਠ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਰਾਸ਼ਟਰੀ ਪੱਧਰ ’ਤੇ ਉਠਾਉਣ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣ ਦਾ ਇਕ ਮਹੱਤਵਪੂਰਨ ਮੰਚ ਹੋਵੇਗੀ। ਪੰਜਾਬ ਮਹਿਲਾ ਕਾਂਗਰਸ ਇਸ ਰੈਲੀ ਦੀ ਸਫਲਤਾ ਲਈ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਏਗੀ।