ਆਰਟੀਓ ਵੱਲੋਂ ਪੰਜਾਬ ਟੈਕਸ ਦੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਆਰਟੀਓ ਵੱਲੋਂ ਪੰਜਾਬ ਟੈਕਸ ਦੀ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ,
Publish Date: Wed, 23 Sep 2026 09:13 PM (IST)
Updated Date: Wed, 23 Sep 2026 09:15 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਤਰਰਾਜੀ ਸੈਲਾਨੀ ਟਰਾਂਸਪੋਰਟ ਆਪਰੇਟਰਾਂ ਵੱਲੋਂ ਪੰਜਾਬ ਵਿਚ ਟੈਕਸ ਦੀ ਕਥਿਤ ਉਲੰਘਣਾ ਸਬੰਧੀ ਪ੍ਰਾਪਤ ਸ਼ਿਕਾਇਤਾਂ ਦੇ ਮੱਦੇਨਜ਼ਰ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਓ), ਐੱਸਏਐੱਸ ਨਗਰ ਵੱਲੋਂ ਡੇਰਾਬੱਸੀ ਸਬ-ਡਿਵੀਜ਼ਨ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਮੁਹਿੰਮ ਖੇਤਰੀ ਟਰਾਂਸਪੋਰਟ ਅਫ਼ਸਰ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਗਗਨਦੀਪ ਸਿੰਘ ਅਤੇ ਵਿਭਾਗੀ ਇਨਫੋਰਸਮੈਂਟ ਸਟਾਫ਼ ਵੱਲੋਂ ਚਲਾਈ ਗਈ। ਟੀਮ ਵੱਲੋਂ ਡੇਰਾਬੱਸੀ ਦੇ ਮੁੱਖ ਮਾਰਗਾਂ ’ਤੇ ਅਚਾਨਕ ਨਾਕੇ ਲਗਾ ਕੇ ਹੋਰ ਸੂਬਿਆਂ ਤੋਂ ਆਉਣ ਵਾਲੇ ਵਪਾਰਕ ਸਵਾਰੀ ਵਾਹਨਾਂ ਦੀ ਪੰਜਾਬ ਰਾਜ ਦੇ ਲਾਜ਼ਮੀ ਰੋਡ ਟੈਕਸ, ਪੈਸੇਂਜਰ ਟੈਕਸ, ਪਰਮਿਟ ਅਤੇ ਹੋਰ ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ 10 ਸੈਲਾਨੀ ਬੱਸਾਂ ਅਤੇ 3 ਫੋਰਸ ਅਰਬਨੀਆ ਵੈਨਾਂ ਸਮੇਤ ਹੋਰ ਵਪਾਰਕ ਸਵਾਰੀ ਵਾਹਨਾਂ ਦੇ ਚਾਲਾਨ ਕੀਤੇ ਗਏ। ਇਨ੍ਹਾਂ ਵਾਹਨਾਂ ਵੱਲੋਂ ਮੋਟਰ ਵ੍ਹੀਕਲ ਕਾਨੂੰਨਾਂ ਦੀ ਉਲੰਘਣਾ ਅਤੇ ਪੰਜਾਬ ਵਿਚ ਲਾਗੂ ਟੈਕਸਾਂ ਦੀ ਅਦਾਇਗੀ ਨਾ ਕਰਨ ਸਬੰਧੀ ਕਾਰਵਾਈ ਕੀਤੀ ਗਈ। ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ/ਆਪ੍ਰੇਟਰਾਂ ਤੋਂ ਕੁੱਲ 8.22 ਲੱਖ ਰੁਪਏ ਦੇ ਕੰਪਾਊਂਡਿੰਗ ਫੀਸ ਅਤੇ ਟੈਕਸ ਬਕਾਏ ਵਸੂਲਣ ਲਈ ਲਗਾਏ ਗਏ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਨੂੰ ਮੌਕੇ ’ਤੇ ਹੀ ਜ਼ਬਤ ਕਰਕੇ ਲਹਿਲੀ ਅਤੇ ਲਾਲੜੂ ਪੁਲਿਸ ਥਾਣਿਆਂ ਵਿਚ ਖੜ੍ਹਾ ਕਰਵਾਇਆ ਗਿਆ। ਇਹ ਵਾਹਨ ਲੋੜੀਂਦੀਆਂ ਰੈਗੂਲੇਟਰੀ ਕਾਰਵਾਈਆਂ ਅਤੇ ਟੈਕਸ ਬਕਾਏ ਦੇ ਨਿਪਟਾਰੇ ਤੱਕ ਉੱਥੇ ਰਹਿਣਗੇ। ਆਰਟੀਓ ਵੱਲੋਂ ਹੋਰ ਰਾਜਾਂ ਵਿਚ ਰਜਿਸਟਰਡ ਸੈਲਾਨੀ ਬੱਸਾਂ, ਮੈਕਸੀ ਕੈਬਾਂ ਅਤੇ ਲਗਜ਼ਰੀ ਸਵਾਰੀ ਵਾਹਨਾਂ ਦੇ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ਵਿਚ ਦਾਖ਼ਲ ਹੋਣ ਅਤੇ ਵਾਹਨ ਚਲਾਉਣ ਤੋਂ ਪਹਿਲਾਂ ਸਾਰੇ ਲਾਗੂ ਟੈਕਸ ਅਦਾ ਕਰਨ ਅਤੇ ਵੈਧ ਪਰਮਿਟ ਤੇ ਲੋੜੀਂਦੇ ਅਧਿਕਾਰਤ ਦਸਤਾਵੇਜ਼ ਆਪਣੇ ਕੋਲ ਰੱਖਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਜ਼ੁਰਮਾਨੇ ਅਤੇ ਵਾਹਨ ਜ਼ਬਤ ਕਰਨ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਰਟੀਓ ਨੇ ਕਿਹਾ ਕਿ ਐੱਸਏਐੱਸ ਨਗਰ ਦੇ ਅੰਤਰ-ਰਾਜੀ ਮਾਰਗਾਂ ’ਤੇ ਟੈਕਸ ਚੋਰੀ ਅਤੇ ਬਿਨਾਂ ਅਧਿਕਾਰਤ ਮਨਜ਼ੂਰੀ ਦੇ ਵਾਹਨਾਂ ਦੇ ਸੰਚਾਲਨ ਵਿਰੁੱਧ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।