ਇਕੋ ਦਿਨ ’ਚ 90 ਖ਼ੂਨਦਾਨ ਕੈਂਪ ਲਗਾ ਕੇ 6,000 ਤੋਂ ਵੱਧ ਯੂਨਿਟ ਖ਼ੂਨ ਕੀਤਾ ਇਕੱਤਰ ਰੋਟਰੀ ਡਿਸਟ੍ਰਿਕਟ 3080 ਨੇ ਰਚਿਆ ਇਤਿਹਾਸ, 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਹੋਇਆ ਨਾਮ,,
Publish Date: Sun, 11 Oct 2026 10:31 PM (IST)
Updated Date: Sun, 11 Oct 2026 10:32 PM (IST)
-ਰੋਟਰੀ ਡਿਸਟ੍ਰਿਕਟ 3080 ਨੇ ਰਚਿਆ ਇਤਿਹਾਸ, ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ’ਚ ਦਰਜ ਹੋਇਆ ਨਾਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਰੋਟਰੀ ਡਿਸਟ੍ਰਿਕਟ 3080 ਨੇ ਮਨੁੱਖੀ ਸੇਵਾ ਦੇ ਖੇਤਰ ਵਿਚ ਇਕ ਇਤਿਹਾਸਕ ਮੀਲ ਪੱਥਰ ਸਥਾਪਤ ਕਰਦਿਆਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਡਿਸਟ੍ਰਿਕਟ ਨੂੰ ਇਕੋ ਦਿਨ ਵਿਚ ਸਭ ਤੋਂ ਵੱਧ ਖ਼ੂਨਦਾਨੀਆਂ ਨੂੰ ਪ੍ਰੇਰਿਤ ਕਰਨ ਅਤੇ ਸਭ ਤੋਂ ਵੱਧ ਖ਼ੂਨਦਾਨ ਕੈਂਪ ਲਗਾਉਣ ਲਈ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਇਹ ਰਿਕਾਰਡ ਚੰਡੀਗੜ੍ਹ ਦੇ ਸੈਕਟਰ 31 ਸਥਿਤ ਸੀਆਈਆਈ ਆਡੀਟੋਰੀਅਮ ਵਿਚ ਕਰਵਾਏ ਗਏ ‘ਉਤਕਰਸ਼-100 ਡੇਜ਼ ਆਫ਼ ਅਨਸਟੌਪੇਬਲ ਰੋਟਰੀ 3080’ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ, ਜੋ ਕਿ ਡਿਸਟ੍ਰਿਕਟ ਗਵਰਨਰ ਡਾ. ਰੀਤਾ ਕਾਲਰਾ ਦੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਸੀ। ‘ਖ਼ੂਨਦਾਨ ਮਹਾਕੁੰਭ’ ਰਾਹੀਂ ਬਣੇ ਰਿਕਾਰਡ : ਇਹ ਪ੍ਰਾਪਤੀ ‘ਖ਼ੂਨਦਾਨ ਮਹਾਕੁੰਭ’ ਮੁਹਿੰਮ ਰਾਹੀਂ ਹਾਸਲ ਕੀਤੀ ਗਈ, ਜਿਸ ਵਿਚ 100 ਤੋਂ ਵੱਧ ਰੋਟਰੀ ਕਲੱਬਾਂ, 100 ਬਲੱਡ ਬੈਂਕਾਂ, ਵਲੰਟੀਅਰਾਂ ਅਤੇ ਹਜ਼ਾਰਾਂ ਖ਼ੂਨਦਾਨੀਆਂ ਨੇ ਭਾਗ ਲਿਆ। ਇਕੋ ਦਿਨ ਵਿਚ 90 ਖ਼ੂਨਦਾਨ ਕੈਂਪ ਲਗਾ ਕੇ 6,000 ਤੋਂ ਵੱਧ ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ 11 ਵਿਸ਼ੇਸ਼ ਟੀਮਾਂ ਰਾਹੀਂ ਨਿਗਰਾਨੀ ਅਤੇ ਪਾਰਦਰਸ਼ੀ ਪ੍ਰਬੰਧਾਂ ਨਾਲ ਇਸ ਅੰਕੜੇ ਦੀ ਤਸਦੀਕ ਕੀਤੀ ਗਈ। ਹੋਰ ਸਮਾਜਿਕ ਅਤੇ ਸਿਹਤ ਪਹਿਲਕਦਮੀਆਂ : ਡਾ. ਰੀਤਾ ਕਾਲਰਾ ਦੀ ਅਗਵਾਈ ਹੇਠ ਪਹਿਲੇ 100 ਦਿਨਾਂ ਵਿਚ ਕਈ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ: ਰੁਜ਼ਗਾਰ ਅਤੇ ਸਿਖਲਾਈ : 50 ਤੋਂ ਵੱਧ ਹੁਨਰ ਕੇਂਦਰਾਂ ਰਾਹੀਂ ਨੌਜਵਾਨਾਂ ਤੇ ਔਰਤਾਂ ਨੂੰ ਰੁਜ਼ਗਾਰਮੁਖੀ ਸਿਖਲਾਈ ਦਿੱਤੀ ਗਈ ਅਤੇ ਏਆਈ ਚੈਂਪੀਅਨਜ਼ ਮੁਹਿੰਮ ਰਾਹੀਂ 2,500 ਤੋਂ ਵੱਧ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਦਿੱਤਾ ਗਿਆ। ਵਾਤਾਵਰਨ ਸੰਭਾਲ : ਇਕ ਲੱਖ ਤੋਂ ਵੱਧ ਪੌਦੇ ਲਗਾਏ ਗਏ ਅਤੇ 30,000 ਤੋਂ ਵੱਧ ਸਹਿਜਨ ਦੇ ਪੌਦੇ ਵੰਡੇ ਗਏ। ਸਿਹਤ ਤੇ ਸਮਾਜਿਕ ਸੇਵਾ : ਅੱਖਾਂ ਦੇ ਆਪ੍ਰੇਸ਼ਨ, ਕੈਂਸਰ ਜਾਂਚ, ਮਾਤਾ-ਬਾਲ ਸਿਹਤ, 200 ਤੋਂ ਵੱਧ ਅੰਨਪੂਰਨਾ ਪ੍ਰੋਗਰਾਮਾਂ ਰਾਹੀਂ 50,000 ਤੋਂ ਵੱਧ ਭੋਜਨ ਪੈਕੇਟ ਵੰਡੇ ਗਏ। ਡਾ. ਰੀਤਾ ਕਾਲਰਾ ਨੇ ਇਸ ਸਫ਼ਲਤਾ ਦਾ ਸਿਹਰਾ ਸਮੁੱਚੀ ਟੀਮ, ਖ਼ੂਨਦਾਨੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਸਨਮਾਨ ਰੋਟਰੀ ਦੇ ‘ਆਪਣੇ ਤੋਂ ਪਹਿਲਾਂ ਸੇਵਾ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ। ਫੋਟੋ ਕੈਪਸ਼ਨ : ਡਿਸਟ੍ਰਿਕਟ ਗਵਰਨਰ ਡਾ. ਰੀਤਾ ਕਾਲਰਾ ਸਮੇਤ ਹੋਰਨਾਂ ਨੂੰ ਸਨਮਾਨਿਤ ਕਰਦੇ ਪਤਵੰਤੇ। 28ਪੀ