ਭਾਜਪਾ ’ਚ ਸ਼ਾਮਲ ਹੋਏ ਰੂਪਾ ਸੋਹਾਣਾ ਨੂੰ ਆਈ ਫਿਰੌਤੀ ਦੀ ਕਾਲ
ਭਾਜਪਾ ਵਿਚ ਸ਼ਾਮਲ ਹੋਏ ਰੂਪਾ ਸੋਹਾਣਾ ਨੂੰ ਆਈ ਫਿਰੌਤੀ ਦੀ ਕਾਲ
Publish Date: Wed, 25 Mar 2026 08:29 PM (IST)
Updated Date: Wed, 25 Mar 2026 08:32 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਾਇਕ ਮਨਕੀਰਤ ਔਲਖ ਦੇ ਕਰੀਬੀ ਮੰਨੇ ਜਾਂਦੇ ਅਤੇ ਕੁਝ ਦਿਨ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਮਾਜ ਸੇਵੀ ਰੂਪਾ ਸੋਹਾਣਾ ਨੂੰ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੈਂਗਸਟਰ ਮੁਹੱਬਤ ਰੰਧਾਵਾ ਦੱਸਦੇ ਹੋਏ ਕਿਹਾ ਕਿ ਪੈਸੇ ਦੇਣ ਨਾਲ ਹੀ ਮਾਮਲਾ ਖ਼ਤਮ ਹੋਵੇਗਾ, ਨਹੀਂ ਤਾਂ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਰੂਪਾ ਸੋਹਾਣਾ ਨੂੰ ਕੁਝ ਦਿਨ ਤੋਂ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਸਨ ਪ੍ਰੰਤੂ ਉਹ ਕਿਸੇ ਵੀ ਕਾਲ ਦਾ ਜਵਾਬ ਨਹੀਂ ਦੇ ਰਹੇ ਸਨ, ਬੀਤੇ ਦਿਨੀਂ ਕੌਂਸਲਰ ਹਰਜੀਤ ਸਿੰਘ ਭੋਲੂ ਆਪਣੇ ਕਿਸੇ ਨਿੱਜੀ ਕੰਮ ਲਈ ਰੂਪਾ ਸੋਹਾਣਾ ਦੇ ਘਰ ਗਏ ਸਨ, ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲੇ ਅਤੇ ਗੱਡੀ ਵਿਚ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਥੋੜੀ ਹੀ ਦੂਰ ’ਤੇ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਇਕ ਕਾਲ ਆਈ, ਜਿਸ ’ਤੇ ਸਾਹਮਣੇ ਵਾਲੇ ਵਿਅਕਤੀ ਨੇ ਆਪਣੀ ਪਛਾਣ ਮੁਹੱਬਤ ਰੰਧਾਵਾ ਵਜੋਂ ਦਿੰਦਿਆਂ ਕਿਹਾ ਕਿ ਤੁਸੀਂ ਯੂਟਿਊਬ ’ਤੇ ਸਰਚ ਕਰ ਲਵੋ। ਕਾਲ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਕਬੱਡੀ ਕੱਪ ਦੌਰਾਨ ਵੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਦੋਂ ਕੌਂਸਲਰ ਹਰਜੀਤ ਭੋਲੂ ਨੇ ਕਿਹਾ ਕਿ ਰੂਪਾ ਸੋਹਾਣਾ ਪਰਿਵਾਰ ਵਾਲਾ ਵਿਅਕਤੀ ਹੈ, ਤਾਂ ਉੱਤਰ ਮਿਲਿਆ ਕਿ “ਬੱਚਿਆਂ ਵਾਲਾ ਹੈ, ਇਸ ਲਈ ਕਹਿ ਰਹੇ ਹਾਂ ਕਿ ਮਾਮਲਾ ਸੈਟਲ ਕਰ ਲਵੇ।” ਦੱਸਿਆ ਗਿਆ ਕਿ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਡੋਨੀ ਬਲ ਸਾਈਡ ਤੋਂ ਵੀ ਜੋੜਿਆ। ਪੀੜਤ ਰੂਪਾ ਸੋਹਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਕਾਲਾਂ ਆ ਰਹੀਆਂ ਹਨ। ਉਨ੍ਹਾਂ ਮੁਤਾਬਕ ਜਦੋਂ ਮੁਹਾਲੀ ਵਿਚ ਕਬੱਡੀ ਕੱਪ ਹੋਇਆ ਸੀ, ਉਸ ਸਮੇਂ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ਸੀ, ਪਰ ਬਾਅਦ ਵਿਚ ਸੁਰੱਖਿਆ ਵਾਪਸ ਲੈ ਲਈ ਗਈ। ਇਸ ਸਬੰਧੀ ਰੂਪਾ ਸੋਹਾਣਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ ਕੂਚ ਕਰਨਗੇ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।