ਚੰਡੀਗੜ੍ਹ ਪਹੁੰਚੀ ਰੋਮਾਨੀਆ ਦੀ ਰਾਜਦੂਤ, ਰਾਜਪਾਲ ਕਟਾਰੀਆ ਨਾਲ ਮੁਲਾਕਾਤ; ਸਿੱਖਿਆ ਤੋਂ ਨਿਵੇਸ਼ ਤੱਕ ਸਹਿਯੋਗ ਵਧਾਉਣ ’ਤੇ ਮੰਥਨ ਭਾਰਤ ’ਚ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ਼ ਨੇ ਚੰਡੀਗੜ੍ਹ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ, ਸੱਭਿਆਚਾਰ, ਵਪਾਰ ਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ।
Publish Date: Tue, 06 Oct 2026 03:55 PM (IST)
Updated Date: Tue, 06 Oct 2026 03:57 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਭਾਰਤ ’ਚ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ਼ ਸੋਮਵਾਰ ਨੂੰ ਚੰਡੀਗੜ੍ਹ ਦੌਰੇ ’ਤੇ ਪਹੁੰਚੀ। ਇੱਥੇ ਉਨ੍ਹਾਂ ਨੇ ਪੰਜਾਬ ਲੋਕ ਭਵਨ ’ਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਦੋਸਤਾਨਾ ਸਬੰਧਾਂ, ਆਪਸੀ ਸਹਿਯੋਗ ਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਈ।
ਰਾਜਭਵਨ ਦੇ ਅਧਿਕਾਰੀਆਂ ਮੁਤਾਬਕ, ਗੱਲਬਾਤ ਦੌਰਾਨ ਕਟਾਰੀਆ ਤੇ ਸੇਨਾ ਲਤੀਫ਼ ਨੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਤੇ ਮਜ਼ਬੂਤ ਸਬੰਧਾਂ ਦਾ ਜ਼ਿਕਰ ਕੀਤਾ। ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਗਈ ਕਿ ਦੋਵਾਂ ਦੇਸ਼ਾਂ ਵਿਚਕਾਰ ਵੱਖ-ਵੱਖ ਖੇਤਰਾਂ ’ਚ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ।
ਮੁੱਖ ਤੌਰ ’ਤੇ ਸਿੱਖਿਆ, ਸੱਭਿਆਚਾਰ, ਵਪਾਰ, ਨਿਵੇਸ਼ ਤੇ ਤਕਨਾਲੋਜੀ ਦੇ ਖੇਤਰਾਂ ’ਚ ਆਪਸੀ ਸਹਿਯੋਗ ਦੇ ਮੌਕਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜਪਾਲ ਨੇ ਕਿਹਾ ਕਿ ਭਾਰਤ ਤੇ ਰੋਮਾਨੀਆ ਦੇ ਸਬੰਧ ਹਮੇਸ਼ਾ ਹੀ ਸੁਹਿਰਦ ਰਹੇ ਹਨ ਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਕਟਾਰੀਆ ਨੇ ਚੰਡੀਗੜ੍ਹ ਤੇ ਪੰਜਾਬ ’ਚ ਨਿਵੇਸ਼ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇੱਕ ਸੁਚੱਜੇ ਢੰਗ ਨਾਲ ਯੋਜਨਾਬੱਧ ਤੇ ਤਰੱਕੀਸ਼ੀਲ ਸ਼ਹਿਰ ਹੈ, ਜਿੱਥੇ ਸਿੱਖਿਆ ਤੇ ਤਕਨਾਲੋਜੀ ਦੇ ਖੇਤਰ ’ਚ ਸਹਿਯੋਗ ਦੀ ਕਾਫ਼ੀ ਗੁੰਜਾਇਸ਼ ਹੈ।
ਰਾਜਦੂਤ ਸੇਨਾ ਲਤੀਫ਼ ਨੇ ਵੀ ਭਾਰਤ ਨਾਲ ਆਪਣੇ ਦੇਸ਼ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੋਮਾਨੀਆ ਭਾਰਤ ਨਾਲ ਆਪਣੇ ਦੋਪੱਖੀ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਤੇ ਆਉਣ ਵਾਲੇ ਸਮੇਂ ’ਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੇ ਨਵੇਂ ਪੱਖ ਸਥਾਪਤ ਹੋਣਗੇ।
ਮੁਲਾਕਾਤ ਦੇ ਅੰਤ ’ਚ ਦੋਵਾਂ ਨੇ ਇੱਕ-ਦੂਜੇ ਦਾ ਧੰਨਵਾਦ ਕੀਤਾ ਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸੰਵਾਦ ਨੂੰ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।