ਨਵੇਂ ਇਲਾਕਿਆਂ ਦੀਆਂ ਸੜਕਾਂ ਦੀ ਵੀ ਹੋਵੇਗੀ ਮਸ਼ੀਨੀ ਸਫ਼ਾਈ ਨਿਗਮ ਦੀ ਹੱਦ ਵਿਚ ਸ਼ਾਮਲ ਨਵੇਂ ਇਲਾਕਿਆਂ ਦੀਆਂ ਸੜਕਾਂ ਦੀ ਵੀ ਹੋਵੇਗੀ ਮਸ਼ੀਨੀ ਸਫ਼ਾਈ,
Publish Date: Sun, 19 Jul 2026 07:14 PM (IST)
Updated Date: Mon, 20 Jul 2026 04:08 AM (IST)
ਗਮਾਡਾ ਵੱਲੋਂ ਵਿਕਾਸ ਫੰਡ ਨਾ ਮਿਲਣ ਤੇ ਵਿਰੋਧੀ ਧਿਰ ਨੇ ਚਿੰਤਾ ਪ੍ਰਗਟਾਈ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਹੋਏ ਨਵੇਂ ਇਲਾਕਿਆਂ ਦੇ ਵਸਨੀਕਾਂ ਲਈ ਇਹ ਇਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ ਕਿ ਹੁਣ ਨਵੇਂ ਖੇਤਰਾਂ ਦੀਆਂ ਸੜਕਾਂ ਨੂੰ ਵੀ ਮਸ਼ੀਨੀ ਸਫ਼ਾਈ ਨਾਲ ਪੂਰੀ ਤਰ੍ਹਾਂ ਚਮਕਾਇਆ ਜਾਵੇਗਾ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਹਾਊਸ ਵਿਚ ਨਵੀਂ ਹੱਦਬੰਦੀ ਦੇ ਅੰਦਰ ਆਉਂਦੀਆਂ ਸੜਕਾਂ ਤੇ ਮਕੈਨੀਕਲ ਰੋਡ ਸਵੀਪਿੰਗ (ਮਸ਼ੀਨੀ ਸਫ਼ਾਈ) ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਸਹੂਲਤ ਸਿਰਫ਼ ਸ਼ਹਿਰ ਦੇ ਪੁਰਾਣੇ ਇਲਾਕਿਆਂ ਤੱਕ ਹੀ ਸੀਮਤ ਸੀ ਪਰ ਹੁਣ ਗਮਾਡਾ ਤੋਂ ਨਗਰ ਨਿਗਮ ਦੇ ਅਧੀਨ ਆਏ ਨਵੇਂ ਸੈਕਟਰਾਂ ਅਤੇ ਨੇੜਲੇ ਪਿੰਡਾਂ ਵਿਚ ਵੀ ਨਿਯਮਿਤ ਰੂਪ ਵਿਚ ਮਸ਼ੀਨਾਂ ਰਾਹੀਂ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ। ਇਸ ਫ਼ੈਸਲੇ ਨਾਲ ਸੜਕਾਂ ਕਿਨਾਰੇ ਜੰਮਣ ਵਾਲੀ ਧੂੜ-ਮਿੱਟੀ ਅਤੇ ਕੂੜੇ ਦਾ ਨਿਪਟਾਰਾ ਪਹਿਲਾਂ ਨਾਲੋਂ ਕਿਤੇ ਵੱਧ ਅਸਰਦਾਰ ਤਰੀਕੇ ਨਾਲ ਹੋ ਸਕੇਗਾ। ਬਾਕਸ-- ਮੇਅਰ ਦਾ ਦਾਅਵਾ : ਪੁਰਾਣੇ ਸ਼ਹਿਰ ਵਰਗੀਆਂ ਮਿਲਣਗੀਆਂ ਸਹੂਲਤਾਂ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦੱਸਿਆ ਕਿ ਨਗਰ ਨਿਗਮ ਵਿਚ ਸ਼ਾਮਲ ਕੀਤੇ ਗਏ ਸਾਰੇ ਨਵੇਂ ਖੇਤਰਾਂ ਦੇ ਲੋਕਾਂ ਨੂੰ ਵੀ ਪੁਰਾਣੇ ਸ਼ਹਿਰ ਦੀ ਤਰ੍ਹਾਂ ਹੀ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਨਵੀਂ ਹੱਦ ਵਿਚ ਮਕੈਨੀਕਲ ਸਵੀਪਿੰਗ ਦਾ ਦਾਇਰਾ ਵਧਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਇਕ ਪਾਸੇ ਜਿੱਥੇ ਸ਼ੀਨੀ ਸਫ਼ਾਈ ਦੇ ਇਸ ਤਾਜ਼ਾ ਫ਼ੈਸਲੇ ਦੀ ਨਵੇਂ ਇਲਾਕਿਆਂ ਦੇ ਬਾਸ਼ਿੰਦਿਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਨਾਲ ਹੀ ਦੂਜੇ ਪਾਸੇ ਵਿਕਾਸ ਕਾਰਜਾਂ ਦੇ ਬਜਟ ਨੂੰ ਲੈ ਕੇ ਵੱਡਾ ਸਵਾਲ ਵੀ ਖੜ੍ਹਾ ਹੋ ਗਿਆ ਹੈ, ਕਿ ਇਨ੍ਹਾਂ ਨਵੇਂ ਖੇਤਰਾਂ ਦੇ ਵਿਕਾਸ ਅਤੇ ਰੱਖ-ਰਖਾਓ ਲਈ ਲੋੜੀਂਦਾ ਬਜਟ ਕਿੱਥੋਂ ਆਵੇਗਾ? ਉਧਰ, ਹਾਲ ਹੀ ਵਿਚ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਇਨ੍ਹਾਂ ਨਵੇਂ ਖੇਤਰਾਂ ਦੇ ਕਾਫ਼ੀ ਵਿਕਾਸ ਕੰਮ ਸ਼ਾਮਲ ਹਨ। ਇਸ ਕਾਰਨ ਨਿਗਮ ਦੇ ਵਿੱਤੀ ਪ੍ਰਬੰਧਨ ਨੂੰ ਲੈ ਕੇ ਬਹਿਸ ਫਿਰ ਤੋਂ ਛਿੜ ਗਈ ਹੈ। ਨਗਰ ਨਿਗਮ ਵੱਲੋਂ ਜਾਰੀ ਕੀਤੇ ਕਰੋੜਾਂ ਰੁਪਏ ਦੇ ਨਵੇਂ ਟੈਂਡਰਾਂ ਵਿਚ ਨਵੇਂ ਇਲਾਕਿਆਂ ਦੇ ਕੰਮਾਂ ਨੂੰ ਸ਼ਾਮਲ ਤਾਂ ਕਰ ਲਿਆ ਗਿਆ ਹੈ, ਪਰ ਜੇਕਰ ਗਮਾਡਾ ਵੱਲੋਂ ਨਿਗਮ ਨੂੰ ਉਸ ਦਾ ਵਿੱਤੀ ਹਿੱਸਾ (ਫੰਡ) ਨਾ ਮਿਲਿਆ, ਤਾਂ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਕਿੱਥੋਂ ਅਤੇ ਕਿਵੇਂ ਕੀਤਾ ਜਾਵੇਗਾ, ਇਹ ਵੀ ਇਕ ਵੱਡਾ ਸਵਾਲ ਹੈ। ਬਾਕਸ : ਸ਼ਹਿਰ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦੈ : ਰੰਗੀ ਵਿਰੋਧੀ ਧਿਰ ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਾਊਸ ਵਿਚ ਪਹਿਲਾਂ ਵੀ ਇਹ ਮੰਗ ਜ਼ੋਰ-ਸ਼ੋਰ ਨਾਲ ਉੱਠ ਚੁੱਕੀ ਹੈ ਕਿ ਨਵੇਂ ਇਲਾਕਿਆਂ ਵਿਚ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗਮਾਡਾ ਨਾਲ ਸਬੰਧਤ ਫੰਡ ਨਗਰ ਨਿਗਮ ਨੂੰ ਟਰਾਂਸਫ਼ਰ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ‘ਅੱਗਾ ਦੌੜ, ਪਿੱਛਾ ਚੌੜ’ ਵਾਲੀ ਕਹਾਵਤ ਮੁਹਾਲੀ ਨਗਰ ਨਿਗਮ ’ਤੇ ਹੂ-ਬ-ਹੂ ਢੁੱਕਦੀਂ ਹੈ। ਨਿਗਮ ਪ੍ਰਸ਼ਾਸਨ ਨੂੰ ਪਹਿਲਾਂ ਪੁਰਾਣੇ ਇਲਾਕਿਆਂ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸ਼ਹਿਰ ਵਾਸੀ ਤਾਂ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਬਾਕਸ : ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ : ਮੇਅਰ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਨਗਰ ਨਿਗਮ ਵਿਚ ਸਾਰੇ ਨਵੇਂ ਸੈਕਟਰਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵੈਸੇ ਵੀ ਜਦੋਂ ਨਵੇਂ ਇਲਾਕਿਆਂ ਨੂੰ ਨਿਗਮ ਦੀ ਹੱਦ ਵਿਚ ਸ਼ਾਮਲ ਕੀਤਾ ਗਿਆ ਤਾਂ ਇਨ੍ਹਾਂ ਖੇਤਰਾਂ ਨੂੰ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਮਿਲਣ ਦੀ ਬਹੁਤ ਵੱਡੀ ਆਸ ਸੀ, ਜਿਸ ਨੂੰ ਪੂਰਾ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਬਹੁਤ ਗੰਭੀਰ ਅਤੇ ਵੱਡਾ ਮੁੱਦਾ ਹੈ। ਇਸ ਲਈ ਨਵੇਂ ਹੁਣ ਮਸ਼ੀਨੀ ਸਫ਼ਾਈ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।