ਤਿੰਨ ਕਰੋੜ ਦੀ ਲਾਗਤ ਨਾਲ ਡੇਢ ਮਹੀਨੇ ’ਚ ਬਣੇਗੀ ਸੜਕ ਤਿੰਨ ਕਰੋੜ ਦੀ ਲਾਗਤ ਨਾਲ ਡੇਢ ਮਹੀਨੇ ’ਚ ਬਣੇਗੀ ਸੜਕ
Publish Date: Wed, 07 Oct 2026 06:03 PM (IST)
Updated Date: Wed, 07 Oct 2026 06:05 PM (IST)
ਮੇਅਰ ਸਰਬਜੀਤ ਸਮਾਣਾ ਨੇ ਸ਼ੁਰੂ ਕਰਵਾਇਆ ਫੇਜ਼-7 ਦੀ ਸੜਕ ਦਾ ਕੰਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ਨੇ ਸ਼ਹਿਰ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨ ਦੀ ਕਵਾਇਤ ਸ਼ੁਰੂ ਕਰ ਦਿੱਤੀ ਹੈ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਆਪਣੇ ਵਾਅਦੇ ਮੁਤਾਬਕ ਸੜਕਾਂ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਮੁਹਾਲੀ ਦੇ ਫੇਜ਼-7 ਦੀ ਮੁੱਖ ਅੰਦਰਲੀ ਸੜਕ ਦੀ ਮੁਰੰਮਤ ਅਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਡੇਢ ਮਹੀਨੇ ’ਚ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕੌਂਸਲਰ ਹਰਵਿੰਦਰ ਕੌਰ ਲੰਗ, ਨਗਰ ਨਿਗਮ ਦੇ ਐੱਸਈ ਕਮਲਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸੜਕ ਦਾ ਕੰਮ ਸ਼ੁਰੂ ਹੋਣ ਦੀ ਖੁਸ਼ੀ ’ਚ ਲੱਡੂ ਵੀ ਵੰਡੇ ਅਤੇ ਮੇਅਰ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦਾਅਵਾ ਕੀਤਾ ਕਿ ਆਉਂਦੇ ਦਿਨਾਂ ’ਚ ਸ਼ਹਿਰ ਵਿਚ ਕੋਈ ਵੀ ਸੜਕ ਟੁੱਟੀ ਹੋਈ ਨਜ਼ਰ ਨਹੀਂ ਆਵੇਗੀ। ਪੜਾਅਵਾਰ ਸਾਰੀਆਂ ਸੜਕਾਂ ਬਣਾਈਆਂ ਜਾਣਗੀਆਂ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੇਅਰ ਨੇ ਕਿਹਾ ਕਿ ਸੀਵਰੇਜ ਪਾਉਣ ਕਾਰਨ ਸੜਕਾਂ ਪੁੱਟੀਆਂ ਗਈਆਂ ਸਨ, ਬਾਅਦ ਵਿਚ ਬਰਸਾਤ ਸ਼ੁਰੂ ਹੋ ਗਈ ਅਤੇ ਲੁੱਕ ਪਲਾਂਟ ਬੰਦ ਹੋ ਗਏ। ਜਿਸ ਕਾਰਨ ਵਿਕਾਸ ਕੰਮਾਂ ’ਚ ਖੜੌਤ ਆਈ ਸੀ ਲੇਕਿਨ ਹੁਣ ਬਰਸਾਤਾਂ ਵੀ ਖ਼ਤਮ ਹੋ ਗਈਆਂ ਹਨ ਅਤੇ ਲੁੱਕ ਪਲਾਂਟ ਵੀ ਚਾਲੂ ਹੋ ਗਏ ਹਨ। ਮੇਅਰ ਨੇ ਕਿਹਾ ਕਿ ਫੇਜ਼-7 ਸਮੇਤ ਫੇਜ਼-3/5 ਅਤੇ ਹੋਰਨਾਂ ਸੜਕਾਂ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਸ਼ਹਿਰ ਦੀ ਖੂਬਸੂਰਤੀ ਵਧਾਉਣ ਲਈ ਸਾਰੀਆਂ ਗਰੀਨ ਬੈਲਟਾਂ ਅਤੇ ਫੁੱਟਪਾਥਾਂ ਦੀ ਹਾਲਤ ਸੁਧਾਰੀ ਜਾਵੇਗੀ। ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸ਼ਤ ਕੀਤਾ ਜਾਵੇਗਾ। ਲੋਕਾਂ ਦੀ ਮੰਗ ’ਤੇ ਰਿਹਾਇਸ਼ੀ ਇਲਾਕਿਆਂ ਵਿਚ ਲੋੜ ਅਨੁਸਾਰ ਸਕਿਉਰਿਟੀ ਗੇਟ ਲਗਾਏ ਜਾਣਗੇ। ਸਟਰੀਟ ਲਾਈਟਾਂ, ਕਰਬ ਚੈਨਲਾਂ, ਰੋਡ ਗਲੀਆਂ ਦੇ ਕੰਮਾਂ ਸਮੇਤ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਸਾਬਕਾ ਮੇਅਰ ਨੇ ਪੰਜ ਸਾਲਾਂ ’ਚ ਨਹੀਂ ਕੀਤਾ ਕੋਈ ਕੰਮ : ਸਮਾਣਾ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਕੂੜਾ ਪ੍ਰਬੰਧਨ ਦਾ ਮੁੱਦਾ ਚੁੱਕਣ ਅਤੇ ਜਗਤਪੁਰਾ ਆਰਐੱਮਸੀ ਪੁਆਇੰਟ ਦਾ ਦੌਰਾ ਕਰਨ ਬਾਰੇ ਪੁੱਛੇ ਜਾਣ ’ਤੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਦਰਅਸਲ ਪਿਛਲੇ ਪੰਜ ਸਾਲ ਜੀਤੀ ਸਿੱਧੂ ਦੀ ਟੀਮ ਨੇ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਸ਼ਹਿਰ ਕੂੜੇ ਦੇ ਢੇਰਾਂ ’ਚ ਤਬਦੀਲ ਹੋ ਗਿਆ। ਅੱਜ ਵੀ ਉਹ ਇਹ ਦੇਖਣ ਗਏ ਸੀ ਕਿ ਉਨ੍ਹਾਂ (ਜੀਤੀ ਸਿੱਧੂ) ਹੁਰਾਂ ਨੇ ਜਿਹੜਾ ਗੰਦ ਪਾਇਆ ਸੀ, ਉਸ ਦੀ ਸਥਿਤੀ ਕੀ ਹੈ। ਮੇਅਰ ਸਮਾਣਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕੂੜਾ ਪ੍ਰਬੰਧਨ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਸਬੰਧੀ ਜੰਗੀ ਪੱਧਰ ’ਤੇ ਕਾਰਵਾਈ ਜਾਰੀ ਹੈ।