97 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ : ਵਿਧਾਇਕ ਰੰਧਾਵਾ 97 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕਾਰਜ ਸ਼ੁਰੂ : ਵਿਧਾਇਕ ਰੰਧਾਵਾ
Publish Date: Sat, 24 Oct 2026 07:03 PM (IST)
Updated Date: Sun, 25 Oct 2026 04:02 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਨਿਚਰਵਾਰ ਨੂੰ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਵਿਚ ਵੱਡੇ ਵਿਕਾਸ ਕਾਰਜ ਦਾ ਉਦਘਾਟਨ ਕਰਦਿਆਂ ਪੀਰਮੁਛੱਲਾ ਸਥਿਤ ਡੀ-ਮਾਰਟ ਤੋਂ ਗੁਰਜੀਵਨ ਵਿਹਾਰ, ਢਕੌਲੀ ਤੱਕ ਲਗਭਗ 97 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਸੜਕ ਦੇ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਕਰਵਾਈ। ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕਰਵਾਏ ਜਾ ਰਹੇ ਇਸ ਵਿਕਾਸ ਕਾਰਜ ਨਾਲ ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦੀ ਆਵਾਜਾਈ ਵਿਚ ਵੱਡੀ ਰਾਹਤ ਮਿਲੇਗੀ ਅਤੇ ਦੋਵਾਂ ਮੁੱਖ ਖੇਤਰਾਂ ਵਿਚਕਾਰ ਸੰਪਰਕ ਵੀ ਹੋਰ ਸੁਚਾਰੂ ਹੋਵੇਗਾ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਬਿਹਤਰ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਲਿੰਕ ਸੜਕ ਦੇ ਬਣਨ ਨਾਲ ਪੀਰਮੁਛੱਲਾ ਅਤੇ ਗੁਰਜੀਵਨ ਵਿਹਾਰ, ਢਕੌਲੀ ਦੇ ਹਜ਼ਾਰਾਂ ਵਸਨੀਕਾਂ ਨੂੰ ਆਉਣ-ਜਾਣ ਲਈ ਇਕ ਬਿਹਤਰ ਅਤੇ ਨਿਰਵਿਘਨ ਰਸਤਾ ਮਿਲੇਗਾ। ==== ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਵਿਧਾਇਕ ਰੰਧਾਵਾ ਨੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿਚ ਮਟੀਰੀਅਲ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੜਕ ਦਾ ਨਿਰਮਾਣ ਤੈਅ ਸਮੇਂ ਅੰਦਰ ਪੂਰਾ ਕੀਤਾ ਜਾਵੇ। ਇਸ ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਕੌਂਸਲਰ ਸੰਜੀਵ ਬਾਂਸਲ, ਕੌਂਸਲਰ ਪੁਨੀਤ ਸਿੰਗਲਾ ਤੋਂ ਇਲਾਵਾ ਨਗਰ ਕੌਂਸਲ ਦੇ ਸਬੰਧਤ ਉੱਚ ਅਧਿਕਾਰੀ ਅਤੇ ਇਲਾਕੇ ਦੇ ਹੋਰ ਪਤਵੰਤੇ ਸਥਾਨਕ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ। ਇਲਾਕਾ ਵਾਸੀਆਂ ਨੇ ਇਸ ਸੜਕ ਦੇ ਨਿਰਮਾਣ ਲਈ ਵਿਧਾਇਕ ਰੰਧਾਵਾ ਅਤੇ ਨਗਰ ਕੌਂਸਲ ਦਾ ਧੰਨਵਾਦ ਪ੍ਰਗਟਾਇਆ।